ਸਾਡੇ ਪਾਸ ਸਿਰਫ਼ ਬਾਹਰ ਸੀ
ਬਾਹਰ ਬੜੀ ਧੁੱਪ ਸੀ
ਝੱਖੜ ਸੀ, ਮੀਂਹ ਸੀ
ਬਾਹਰ ਸਖ਼ਤ ਸਰਦੀ ਸੀ
ਪਿੰਡਾ ਸਿਰਫ਼ ਨੰਗਾ ਸੀ
ਜਰਨਹਾਰ ਚੰਗਾ ਸੀ
ਉਨ੍ਹਾਂ ਕਿਹਾ ਆਪਣੀ ਗਰੀਬੀ ਹਟਾਓ
ਆਪਣੇ ਲਈ ਆਪੇ ਘਰ ਬਣਾਓ
ਪਿੰਡੇ ਨੂੰ ਮਿੱਟੀ ਜਾਣ ਕਹੀਆਂ ਨਾਲ ਪੁਟਿਆ
ਪਿੰਡੇ ਦੀ ਘਾਣੀ ਨੂੰ ਵਢਿਆ ਤੇ ਪੱਥਿਆ
ਆਵਿਆਂ 'ਚ ਪੈ ਕੇ ਪਿੰਡਾ ਮੱਠਾ ਮੱਠਾ ਪਕਿਆ
ਆਪਣੇ ਤੇ ਆਪਣੇ ਨੂੰ ਜੋੜ ਜੋੜ ਰੱਖਿਆ
ਵਿਚ ਆਪਣਾ ਹੀ ਗਾਰਾ
ਨਹੀਂ ਟੁੱਟਣਾ ਦੁਬਾਰਾ
ਉਨ੍ਹਾਂ ਸਾਨੂੰ ਅੰਦਰ ਬਿਠਾ ਦਿੱਤਾ
ਤੇ ਬਾਹਰੋਂ ਤਾਲੇ ਜੜ ਦਿੱਤੇ
ਹੁਣ ਅਸੀਂ ਅੰਦਰ ਹਾਂ
ਅੰਦਰ ਬੜਾ ਹੁੰਮ ਹੈ, ਗਰਮੀ, ਪਸੀਨਾ ਹੈ
ਅੰਦਰ ਨਹੀਂ ਜਰਨਾ ਹੈ
ਕੁਝ ਨਹੀਂ ਕਰਨਾ ਹੈ
ਜੀਭ ਨੂੰ ਆਰਾਮ, ਕੰਨਾਂ ਨੂੰ ਛੁੱਟੀ ਹੈ
ਨੰਗੇ ਫ਼ਰਸ਼ ਸੁੱਤੇ ਹਾਂ
ਬੜੀ ਮੌਜ ਲੁੱਟੀ ਹੈ
ਟਿਕ ਟਿਕ ਟਿਕ ਟਿਕ ਦਿਲ ਜਦੋਂ ਕਰਦਾ ਹੈ
ਪਤਾ ਨਹੀਂ ਲਗਦਾ ਭੈੜਾ ਜੀਉਂਦਾ ਜਾਂ ਮਰਦਾ ਹੈ
ਕਦੀ ਕਦੀ ਚੁਪਚਾਪ ਚੁੱਪ ਨੂੰ ਹੀ ਪੁਛਦੇ ਹਾਂ
ਬਾਹਰ ਜੋ ਚੰਨ ਸੀ, ਸੂਰਜ, ਅਸਮਾਨ ਸੀ
ਮੌਸਮ ਮਹੀਨਾ ਸੀ, ਪਰਬਤ ਮੈਦਾਨ ਸੀ
ਓਸ ਦਾ ਕੀ ਬਣਿਆ ?
ਓਥੇ ਹੀ ਰਹਿੰਦਾ ਹੈ ?
ਬਾਹਰ ਖੜਾ ਜਰਦਾ ਹੈ
ਜਾਂ ਅੰਦਰ ਪਿਆ ਸਹਿੰਦਾ ਹੈ ?