ਜੈਸੀ ਖ਼ੁਸ਼ਬੂ ਹਾਣੀ ਵਿਚ
ਵੈਸੀ ਰਾਤ ਦੀ ਰਾਣੀ ਵਿਚ
ਰੱਬ ਬਣਾਇਆ ਤੈਨੂੰ ਯਾਰ
ਚੰਨ ਘੋਲ਼ ਕੇ ਪਾਣੀ ਵਿਚ
ਗੀਤ ਸੀ ਤੇਰੇ ਚੂੜੇ ਦੇ
ਸੁਰ ਸੀ ਨਾਲ਼ ਮਧਾਣੀ ਵਿਚ
ਵੰਝਲੀ ਰੋਜ਼ ਵਜਾਂਦਾ ਏ
ਰਾਂਝਾ ਕਬਰ ਪੁਰਾਣੀ ਵਿਚ
ਹਿਜਰ ਇਲਾਵਾ ਕੀ ਏ ਯਾਰ
ਸਭ ਦੀ ਪ੍ਰੇਮ ਕਹਾਣੀ ਵਿਚ
ਰਿੜ੍ਹਕਾਂ ਅੱਖ ਦੇ ਪਾਣੀ ਨੂੰ
ਪਾਣੀ ਪਾਵਾਂ ਪਾਣੀ ਵਿਚ
ਨਿੱਕੀ ਉਮਰੇ ਮਿਲਿਆ ਸੀ
ਕੋਈ ਰਾਤ ਸੁਹਾਣੀ ਵਿਚ
ਯਾਦ ਤੇਰੀ ਦਾ ਹਾੜਾ ਏ
ਮੇਰੀ ਜਿੰਦ ਨਿਮਾਣੀ ਵਿਚ
ਦੁਨੀਆ ਸਾਨੂੰ ਲੱਭੀ ਨਾ
ਦੁਨੀਆ ਖ਼ਸਮਾਂ ਖਾਣੀ ਵਿਚ
ਯਾਰ ਸਫ਼ੀ ਜੀ ਦੱਸਾਂ ਕੀ
ਤੰਦ ਰਹੇ ਨਾ ਤਾਣੀ ਵਿਚ