ਜਾ ਕੇ ਠਹਿਰਦੀ ਹੈ

ਵੇਖਾਂਗਾ ਜਾ ਕੇ ਠਹਿਰਦੀ ਹੈ ਕਿਸ ਜਗ੍ਹਾ ਨਜ਼ਰ। 

ਮੰਜ਼ਿਲ ਜੇ ਆਫ਼ਤਾਬ ਹੈ ਤਾਂ ਰਾਤ ਹੈ ਸਫ਼ਰ।

ਬੈਰਾਗ ਦੀ ਇਹ ਕਿਹੜੀ ਅਵੱਸਥਾ ਹੈ ਦੋਸਤੋ, 

ਗ਼ਾਫ਼ਿਲ ਹਾਂ ਅਪਣੇ ਆਪ ਤੋਂ ਦੁਨੀਆਂ ਤੋਂ ਬੇਖ਼ਬਰ।

ਕੀ ਸੋਚਦਾ ਏਂ ਦੇਰ ਤੋਂ ਸਾਹਿਲ ’ਤੇ ਤੂੰ ਖੜ੍ਹਾ, 

ਕਿਸ਼ਤੀ ਹੈ ਸਾਹਮਣੇ ਤਿਰੇ ਉਸ ਪਾਰ ਜਾ ਉਤਰ।

ਕਹਿੰਦੇ ਨੇ ਜਿਸਨੂੰ ਜ਼ਿੰਦਗੀ ਕੁਝ ਸ੍ਵਾਸ ਹੀ ਤਾਂ ਹਨ, 

ਹੈ ਸੱਚ ਤਾਂ ਇਹੋ ਕਿ ਹੈ ਇਹ ਹਿੱਸਾ ਮੁਖ਼ਤਸਰ।

ਜੋ ਸੋਚਦਾ ਰਿਹਾ ਏਂ ਤੂੰ ਉਹ ਕਰਕੇ ਵੀ ਵਿਖਾ, 

ਡਰ ਮੌਤ ਕੋਲੋਂ ਤੂੰ ਅਤੇ ਨਾ ਹੀ ਜ਼ਿੰਦਗੀ ਤੋਂ ਡਰ।

ਇਸ ਚੁੱਪ ਨੂੰ ਸਮਝ ਤੇ ਖ਼ਾਮੋਸ਼ੀ ਨੂੰ ਪੜ੍ਹ ਕੇ ਵੇਖ, 

ਬਿਹਤਰ ਇਹੋ ਹੈ ਹੁਣ ਤੂੰ ਕੋਈ ਬਾਤ ਹੀ ਨਾ ਕਰ।

ਦੀਵੇ ਸ਼ਹਾਦਤਾਂ ਦੇ ਬੁਝਣਗੇ ਨਹੀਂ ਕਦੀ, 

ਕੌਮਾਂ 'ਤੇ ਮਰਨ ਵਾਲੇ ਸਦਾ ਰਹਿਣਗੇ ਅਮਰ।

📝 ਸੋਧ ਲਈ ਭੇਜੋ