ਜ਼ਖ਼ਮਾਂ ਦੀ ਗੱਲ

ਮੈਂ ਜ਼ਖ਼ਮਾਂ ਦੀ ਗੱਲ ਕਹਿਣ ਲੱਗੀ, ਤੁਸੀਂ ਭਰਨੇ 'ਹੂੰਅ' ਹੁੰਘਾਰੇ ਜੀ ।

ਜੋ ਵਿੱਚ ਗ਼ਰੀਬੀ ਅਪਣੇ, ਅੱਲੇ ਛਿੱਲ ਜਾਂਦੇ ਸਾਰੇ ਜੀ ।

ਅੱਲੇ ਉਹਨਾ ਨੂੰ  ਕਹੀਏ, ਜ਼ਖ਼ਮ ਜੋ ਰਹਿੰਦੇ ਕੱਚੇ ਜੀ ।

ਅੰਦਰੋਂ ਜਿਹੜੇ ਟਸ ਟਸ ਕਰਦੇ, ਬਾਹਰੋਂ ਛਿਛੜੇ ਦਿਖਦੇ ਪੱਕੇ ਜੀ ।

ਉਹ ਫਿਰ ਪੁੰਗਰ ਆਉਂਦੇ ਨੇ, ਜਦ ਆਪਣੇ ਛਿੱਕੜਾ ਲਾਹੁੰਦੇ ਨੇ ।

ਉਹ ਪੀੜਾ ਬੜੀ ਨਿਆਰੀ ਜੀ, ਸਾਡੀ ਜ਼ਖ਼ਮਾਂ ਭਰੀ ਕਿਆਰੀ ਦੀ ।

ਜਦੋਂ ਕਦੇ ਰੱਬ ਮਿਹਰ ਕਰੇ, ਅੰਗੂਰ ਉਹਨਾਂ 'ਤੇ ਆਉਂਦਾ ਸੀ ।

ਮੈਂ ਖੁਰਕ ਖੁਰਕ ਕੇ ਉਹਨਾਂ ਨੂੰ , ਜ਼ਿੰਦਗੀ ਦਾ ਲੁਤਫ਼ ਉਠਾਉਂਦਾ ਸੀ ।

ਅਸੀਂ ਲਾਈ ਨਹੀ ਦਵਾਈ ਕਿ, ਰੂਹ ਜ਼ਖ਼ਮੀ ਸਾਡੀ ਤਣੀ ਰਹੇ ।

ਵਿੱਚ ਗ਼ਰੀਬੀ ਜਿੰਨ੍ਹਾਂ ਛਿੱਲ ਤਰਾਸ਼ਿਆ, ਯਾਦ ਉਹਨਾਂ ਦੀ ਬਣੀ ਰਹੇ ।

ਅੱਜ ਵੀ ਉਹ ਮੇਰੇ ਆਪਣੇ, ਜਦ ਮੈਨੂੰ ਮਿਲ ਜਾਂਦੇ ਨੇ ।

ਸਮਾਂ ਵੇਖ ਉਹ ਪਿਆਰ ਜਤਾਉਂਦੇ, ਕੀ ਦੱਸੇ ਸਰਬ ਤੁਹਾਨੂੰ ਜੀ ।

ਮੇਰੇ ਅੱਲੇ ਜ਼ਖ਼ਮ ਛਿੱਲ ਜਾਂਦੇ ਨੇ, ਮੈਂ ਜ਼ੋਰ ਜ਼ੋਰ ਦੀ ਹੱਸਦੀ ਹਾਂ ।

ਤੁਸੀਂ ਹੂੰਅ ਹੁੰਘਾਰਾ ਭਰੀ ਜਾਓ, ਮੈਂ ਜ਼ਖ਼ਮਾਂ ਦੀ ਗੱਲ ਦੱਸਦੀ ਹਾਂ ।

📝 ਸੋਧ ਲਈ ਭੇਜੋ