ਜ਼ਾਲਮ ਖ਼ੂਨੀ ਰਸਮਾਂ ਰੀਤਾਂ

ਜ਼ਾਲਮ ਖ਼ੂਨੀ ਰਸਮਾਂ ਰੀਤਾਂ, ਵਸਦੇ ਸ਼ਹਿਰ ਉਜਾੜੇ

ਹੁਣ ਤਾਂ ਏਥੇ ਔਖੇ ਹੋ ਗਏ, ਕੱਟਣੇ ਚਾਰ ਦਿਹਾੜੇ

ਹਰ ਬੰਦੇ ਦੀ ਦਰਦ ਕਹਾਣੀ ਮੈਨੂੰ ਅਪਣੀ ਜਾਪੇ,

ਅੰਦਰੋਂ ਅੰਦਰ ਗੁੱਝੀ ਗੁੱਝੀ, ਪੀੜ ਕਲੇਜਾ ਪਾੜੇ

ਅਪਣੇ ਇਕਲਾਪੇ ਦਾ ਰੋਣਾ, ਕੀਹਦੇ ਅੱਗੇ ਰੋਵਾਂ,

ਨਾ ਕੋਈ ਸੁਣਦਾ ਮੇਰੀਆਂ ਹਾਵਾਂ, ਨਾ ਹੌਕੇ ਨਾ ਹਾੜੇ

ਅੱਜ ਵੀ ਰਾਂਝੇ ਬਣਦੇ ਜੋਗੀ, ਅੱਜ ਵੀ ਰੁਲਦੀਆਂ ਹੀਰਾਂ,

ਅੱਜ ਵੀ ਜ਼ਾਲਮ ਕੈਦੋਂ ਘਰ ਘਰ, ਅੱਜ ਵੀ ਖੇੜੇ ਲਾੜ੍ਹੇ

ਲੋਕੀ ਅਪਣੇ ਨੱਕ ਦੀ ਖ਼ਾਤਰ, ਖ਼ੂਨ ਦਿਲਾਂ ਦੇ ਕਰਦੇ,

ਫੁੱਲਾਂ ਤੋਂ ਵੀ ਨਾਜ਼ੁਕ ਜੁੱਸੇ, ਤੱਤੀਆਂ ਲੋਵਾਂ ਸਾੜੇ

ਜੀਹਨਾਂ ਨੂੰ ਗੁਰ ਆਪ ਸਿਖਾਏ, ਉਹ ਵੀ ਸਾਨੂੰ ਚਾਰਣ,

ਇੰਨੇ ਕਦੀ ਨਹੀਂ ਹੁੰਦੇ ਡਿੱਠੇ, ਹਾਲੀਆਂ ਅੱਗੇ ਪਾੜੇ

ਉਹ ਡਾਹਢਾ ਤੇ ਸਾਨੂੰ ਕੀ, 'ਸਾਬਰ' ਹੱਸੇ ਵੱਸੇ,

ਮੇਰੇ ਜੇਹੇ ਵੀ ਜੱਗ ਤੇ ਰਹਿੰਦੇ ਭਾਵੇਂ ਹੋਵਣ ਮਾੜੇ

📝 ਸੋਧ ਲਈ ਭੇਜੋ