ਸਾਇਬੇਰੀਆ ਵਿਚ ਡੂੰਘੀਆਂ ਖਾਣਾਂ ਅੰਦਰ ਇਹ ਨਾ ਹੋਵੇ

ਕੋਈ ਅਣਖ ਨੂੰ ਵੱਟਾ ਲੱਗੇ ਜਾਂ ਇਹ ਦਿਲ ਹੀ ਡੋਲ ਖਲੋਵੇ

ਉਤਮ ਉੱਚੀ ਸੋਚ ਤੁਹਾਡੀ ਅਤੇ ਮੁਸ਼ੱਕਤ ਹੱਡ ਤੋੜਵੀਂ

ਰੰਗ ਲਿਆਵੇਗੀ, ਆਖਰ ਨੂੰ ਚਾਨਣ ਹੀ ਕਾਲਖ ਨੂੰ ਧੋਵੇ

ਆਸ਼ਾ, ਜਿਹੜੀ ਬਦਨਸੀਬੀ ਦੀ ਹੈ ਆਗਿਆਕਾਰੀ ਭੈਣ

ਉਸ ਨੇ ਹੀ ਭੋਰੇ 'ਚੋਂ ਭੱਖਣੀ ਆਖਰ ਨੂੰ ਨ੍ਹੇਰੇ ਦੀ ਡੈਣ

ਸਰਘੀ ਵੇਲਾ ਹੋਣਾ ਜਿਸ ਦੀ ਤਾਂਘ ਦਿਲਾਂ ਨੂੰ ਜੁੱਗਾਂ ਤੋਂ

ਸਦਾ ਲਈ ਸੌਂ ਜਾਣੇ ਹੌਕੇ ਗੂੰਜਣਗੇ ਖੁਸ਼ੀਆਂ ਦੇ ਬੈਣ

ਤੋੜ ਤਾੜ ਕੇ ਸਭ ਦੀਵਾਰਾਂ ਨ੍ਹੇਰੇ ਨੂੰ ਕਰ ਲੀਰੋ ਲੀਰ

ਪਹੁੰਚ ਜਾਣਗੇ ਤੁਸਾਂ ਤੱਕ ਇਹ ਮਿਤ੍ਰਤਾ ਤੇ ਪ੍ਰੇਮ ਅਖੀਰ

ਹਰ ਹਾਲਤ ਵਿਚ ਘੋਰ ਭਿਆਨਕ ਕਾਲ ਕੋਠੀਆਂ ਵਿਚ ਜਿਵੇਂ

ਪਹੁੰਚ ਰਹੀ ਸਵਤੰਤਰ ਆਵਾਜ਼ ਮੇਰੀ, ਮੇਰੇ ਵੀਰ

ਟੁਟ ਜਾਣਾ ਭਾਰੀ ਜ਼ੰਜੀਰਾਂ ਹੱਥਕੜੀਆਂ ਨੇ ਲਹਿ ਜਾਣਾ

ਡਿੱਗ ਪੈਣਾਂ ਜੇਲ਼੍ਹਾਂ ਦੀਆਂ ਕੰਧਾਂ ਕਾਲ ਕੋਠੀਆਂ ਢਹਿ ਜਾਣਾ

ਕਰਨੀ ਹੈ ਤਲਵਾਰ ਤੁਹਾਨੂੰ ਭੇਟਾ ਫੇਰ ਭਰਾਵਾਂ ਨੇ

ਅਤੇ ਬਰੂਹਾਂ ਵਿਚ ਤੁਹਾਡਾ ਕਰਨ ਸੁਆਗਤ ਬਹਿ ਜਾਣਾ

📝 ਸੋਧ ਲਈ ਭੇਜੋ