ਢੁੱਕੀ ਫੇਰ ਸਵੇਰ
ਨਗਨ ਧੁੱਪ ਘਰ ਵਿਚ ਆਈ ਹੈ
ਮੇਰੇ ਪਿੰਡੇ ਤੇ
ਨਹੁੰਦਰ ਦੀ ਰੇਖ ਲਜਾਈ ਹੈ
ਇਹ ਮੇਰੇ ਪਿੰਡੇ ਦੀ ਕੰਜਕ
ਧੀ ਵਿਭਚਾਰਾਂ ਦੀ
ਸੁਲਗ ਰਿਹਾ ਇਹ ਡੰਗ
ਨੰਗ ਵਿਚ ਕਿਵੇਂ ਸਹਾਰਾਂਗੀ
ਨੰਗੀ ਧੁੱਪੇ
ਨੰਗ-ਮੁਨੰਗੇ ਬੋਲ ਜਨਮਦੇ ਨੇ
ਏਸੇ ਖ਼ਾਤਰ
ਬੂਹੇ ਰਹਿੰਦੇ ਬੰਦ ਹਰਮ ਦੇ ਨੇ
ਬਾਂਦੀ
ਕਹਿ ਦੇ ਏਸ ਧੁੱਪ ਨੂੰ
ਬਾਹਰ ਚਲੀ ਜਾਵੇ
ਰੰਗ ਮਹਲ ਵਿਚ ਧੁਪ ਜੇ ਆਵੇ
ਸਤਰਬੰਦ ਆਵੇ
ਨਹੀਂ ਤਾਂ ਕੁਲ ਜੰਗਲ ਨੰਗਾ ਹੈ
ਉਸ ਨੂੰ ਇਸ ਦੀ ਬਹੁਤ ਲੋੜ ਹੈ