ਜਲ੍ਹਿਆਂਵਾਲਾ ਬਾਗ਼

ਦੇਸ਼ ਤੇ ਆਈ ਮੁਸ਼ਕਿਲ ਭਾਰੀ

ਅੰਗਰੇਜ਼ਾਂ ਨੇ ਅੱਤ ਗੁਜ਼ਾਰੀ।

ਮੁਗਲਾਂ ਪਹਿਲਾਂ ਲੁੱਟੀ ਮਾਰੀ।

ਦੁਖੀ ਹੋ ਗਏ ਸਭ ਨਰ ਨਾਰੀ।

ਜਲ੍ਹਿਆਂ ਵਾਲਾ ਬਾਗ ਪਿਆਰਾ।

‘ਕੱਠ ਹੋ ਗਿਆ ਓਥੇ ਭਾਰਾ।

ਆਜ਼ਾਦੀ ਦਾ ਚਮਕਿਆ ਤਾਰਾ।

ਦੇਸ਼ ਜਗਾਉਣ ਦਾ ਗੂੰਜਿਆ ਨਾਰ੍ਹਾ।

ਸੁਣ ਕੇ ਲੋਕਾਂ ਦਾ ਲਲਕਾਰਾ।

ਸੁੰਨ ਹੋ ਗਿਆ ਡੈਰ ਵਿਚਾਰਾ।

ਅਕਲੋਂ ਹਾਰੇ ਦੀ ਮੱਤ ਮਾਰੀ।

ਖ਼ੂਨੀ ਖੇਡ ਦੀ ਕਰੀ ਤਿਆਰੀ।

ਉਸ ਪਾਪੀ ਨੇ ਦੇਰ ਨਾ ਲਾਈ।

ਪਲਟਨ ਭਾਰੀ ਬਾਗ ‘ਚ ਲਾਈ।

ਲੋਕਾਂ ਵਿੱਚ ਮੱਚ ਗਈ ਦੁਹਾਈ

ਚੱਲ ਕੇ ਮੌਤ ਸੀ ਬੂਹੇ ਆਈ।

ਵੈਰੀ ਨੇ ਕਰ ਦਿੱਤਾ ਇਸ਼ਾਰਾ।

ਸ਼ੁਰੂ ਹੋ ਗਿਆ ਘੱਲੂਘਾਰਾ।

ਅਰਮਾਨਾਂ ਦਾ ਪਿਆ ਖਿਲਾਰਾ।

ਮੁਲਕ ਤੇ ਆਇਆ ਸੀ ਦਿਨ ਭਾਰਾ।

ਤੜ ਤੜ ਤੜ ਤੜ ਬਰਸੀ ਗੋਲੀ।

ਰੁਲ਼ ਗਈ ਜਨਤਾ ਆਲੀ ਭੋਲੀ

ਗੋਰਿਆਂ ਖੇਡ੍ਹੀ ਖੂਨੀ ਹੋਲੀ।

ਮਿੱਟੀ ਮਿਲ ਗਏ ਝੱਗੇ ਝੋਲੀ।

ਓਡਵਾਇਰ ਨੇ ਧੌਂਸ ਜਮਾ ਕੇ।

ਰੱਖ ਦਿੱਤੇ ਹਿੰਦੀ ਹਿਲਾ ਕੇ।

ਬੇਦੋਸ਼ਾਂ ਦਾ ਖ਼ੂਨ ਵਹਾ ਕੇ।

ਕਹਿੰਦਾ ਹਿੰਦੀ ਚੁੱਪ ਕਰਾਤੇ।

ਹੁਣ ਵੀ ਤਿਆਗੀ ਨਾ ਬੇਬਾਕੀ।

ਜਾਰੀ ਰੱਖੀ ਟੋਕਾ ਟਾਕੀ।

ਤੁਖ਼ਮ ਨੀ ਛੱਡਦਾ ਮੈਂ ਤਾਂ ਬਾਕੀ।

ਮਿਟਾ ਦੂੰ ਜੱਗ ਤੋਂ ਸਾਰੇ ਆਕੀ।

ਉਸ ਦੀ ਆਕੜ ਤੇ ਲਲਕਾਰਾਂ

ਹਿੰਦੁਸਤਾਨੀਆਂ ਨੂੰ ਫਿਟਕਾਰਾਂ।

ਦੇਸ਼ ਦੇ ਆਗੂ ਕਰਨ ਵੀਚਾਰਾਂ।

ਕਿਸਮਤ ਤੇ ਛੱਡ ਦਿੱਤੀਆਂ ਤਾਰਾਂ।

ਚਿਹਰਿਆਂ ਤੋਂ ਉੱਡ ਗਿਆ ਸੀ ਹਾਸਾ

ਜੱਗ ਵਿੱਚ ਬਣਿਆ ਹਿੰਦ ਤਮਾਸ਼ਾ।

ਖੁਰਿਆ ਜਿਉਂ ਜਲ ਵਿਚ ਪਤਾਸਾ।

ਇੱਜਤ ਅਣਖ ਬਚੀ ਨਾ ਮਾਸਾ।

📝 ਸੋਧ ਲਈ ਭੇਜੋ