ਜਲਵਾ ਪਰਦਾ ਕਰਦਾ ਹੈ

ਜਲਵਾ ਪਰਦਾ ਕਰਦਾ ਹੈ । 

ਪਰਦਾ ਇਹ ਕੀ ਪਰਦਾ ਹੈ ?

ਰਿੰਦੋ ਸ਼ੇਖ ਨੂੰ ਔਣ ਦਿਓ 

ਬੰਦਾ ਅਪਣੇ ਘਰ ਦਾ ਹੈ।

ਖੁਲ੍ਹੇ ਦਰਸ਼ਨ ਸਭ ਨੂੰ ਹਨ 

ਮੈਥੋਂ ਹੀ ਕਿਉਂ ਪਰਦਾ ਹੈ ?

ਇਹ ਦਿਲ ਇਕ ਹਰਜਾਈ ਦੀ 

ਕਿੱਦਾਂ ਹਾਮੀ ਭਰਦਾ ਹੈ

ਤੇਰੇ ਕਾਰਣ ਜੀਉਂਦੈ ਦਿਲ 

ਤੇਰੇ ਉੱਤੇ ਮਰਦਾ ਹੈ।

ਪਿਆਰ 'ਚ ਛੱਲਾਂ ਹੀ ਛੱਲਾਂ 

ਡੁਬ ਡੁਬ ਬੇੜਾ ਤਰਦਾ ਹੈ।

ਇਕੋ ਮਸਤ ਨਜ਼ਰ ਦੇ ਨਾਲ 

ਮੇਰਾ ਬੁੱਤਾ ਸਰਦਾ ਹੈ।

ਬੰਦੇ ਦਾ ਬੰਦਾ ਬਣ ਕੇ 

ਬੰਦਾ ਹੱਥੀਂ ਚਰਦਾ ਹੈ

ਇਸ਼ਕ ‘ਚ ਸੱਚਾ ਆਸ਼ਕ ਹੀ 

ਪੈਰ ਟਿਕਾ ਕੇ ਧਰਦਾ ਹੈ

ਗ਼ੈਰ ਨਿਗੱਲਾ ਬਿਦ ਬਿਦ ਕੇ

ਕਿੱਦਾਂ ਗੱਲਾਂ ਕਰਦਾ ਹੈ

ਜ਼ਾਹਿਦ ਪਿਆਸਾ ‘ਹਮਦਰਦਾ' 

ਅਪਣਾ ਕੀਤਾ ਭਰਦਾ ਹੈ

📝 ਸੋਧ ਲਈ ਭੇਜੋ