ਜਮ ਜਮ ਜਾਵੀਂ ਜੋਤ ਜਗੌਂਦਾ,
ਚੰਨ ਸ਼ੁਕਰ ਤੋਂ ਪਰੇ ਉਚੇਰਾ,
ਦੇਖੀਂ ਪਰ ਜਗਿਆਸੂ ਕਿਧਰੇ,
ਦਿਲ ਵਿਚ ਨਾ ਹੋ ਜਾਏ ਹਨ੍ਹੇਰਾ।
ਕਿੰਨੇ ਚਿਰ ਤੋਂ ਸੁੰਨ-ਸਰਾਪੇ,
ਘਰ ਵਿਚ ਕਾਲੇ ਗ਼ਮ ਦਾ ਡੇਰਾ,
ਕਿਰਨ ਜਹੀ ਇਕ ਯਾਦ ਅਜੇ ਵੀ,
ਕਦੀ ਕਦੀ ਰੰਗ ਜਾਏ ਬਨ੍ਹੇਰਾ।
ਤੇਰੇ ਲਈ ਜੋ ਕਲ੍ਹ ਗੌਹੁੰਦਾ ਸੀ,
ਸਾਰੇ ਜੱਗ ਦਾ ਚਾਰ ਚੁਫੇਰਾ,
ਉਸਤੋਂ ਅੱਜ ਉਲੰਘ ਨਹੀਂ ਹੁੰਦਾ,
ਇਕ ਨਿੱਕੇ ਜਹੇ ਘਰ ਦਾ ਘੇਰਾ।
ਬੜੀ ਛਲੇਡੀ ਹੈ ਜੱਗ-ਰਚਨਾ,
ਕਦੀ ਜਾਪਦੀ ਔਖਾ ਮਾਰਗ,
ਕਦੀ ਕਦੀ ਇਹ ਜਾਪੇ ਮੰਜ਼ਿਲ,
ਕਦੀ ਸਿਰਫ਼ ਇਕ ਰੈਣ-ਬਸੇਰਾ।
ਦਿਲ ਦੀ ਦ੍ਰਿਸ਼ਟੀ ਨੂੰ ਕੀ ਕਹੀਏ,
ਇਸ ਨੇ ਤਕਿਆ ਕਿੰਨੀ ਵਾਰੀ,
ਅੱਧੀ ਰਾਤੀਂ ਸੂਰਜ ਦਗਦਾ,
ਅਤੇ ਕਦੀ ਲੋ-ਹੀਣ ਸਵੇਰਾ।
ਸੂਰਜ ਪਾ ਝੋਲੀ ਇਕ ਸੱਜਣ,
ਕਲ੍ਹ ਵੰਡਦਾ ਸੀ ਬੁਕ ਚਾਨਣ ਦੇ,
ਉਸਦੇ ਲਾਗੋਂ ਮਾਰ ਖੰਘੂਰਾ,
ਲੰਘਿਆ ਕਾਲਾ ਘੁੱਪ ਹਨ੍ਹੇਰਾ।
ਸਾਗਰ ਵਿਚੋਂ ਕਤਰਾ ਵੀ ਨਹੀਂ,
ਜੋ ਆਇਆ ਹੈ ਤੇਰੇ ਹਿੱਸੇ,
ਕਾਹਦਾ ਮਾਣ ਕਰੇਂ ਤੂੰ ਐ ਦਿਲ,
ਗ਼ਮ ਹੈ ਹਾਲੀ ਹੋਰ ਬਥੇਰਾ।