ਸਾਡੇ ਵੱਲੋਂ ਜਮਾਹ ਕਰੇ ਤਫ਼ਰੀਕ ਕਰੇ
ਐਪਰ ਸਾਡੇ ਸਾਰੇ ਮਸਲੇ ਠੀਕ ਕਰੇ
ਛੇਤੀ ਛੇਤੀ ਰਾਤ ਢਲੇ ਤੇ ਦਿਨ ਆਵੇ
ਧਰਤੀ ਨੂੰ ਕਹੁ ਆਪਣੀ ਚਾਲ ਵਧੀਕ ਕਰੇ
ਦਿਸਹੱਦੇ ਤੋਂ ਅੱਗੇ ਵੀ ਹੈ ਦਿਸਹੱਦਾ
ਤੇਰਾ ਪਿੱਛਾ ਕੋਈ ਕਿਥੋਂ ਤੀਕ ਕਰੇ
ਗ਼ਜ਼ਲ ਦੀਆਂ ਅੱਖਾਂ ਨੇ ਬੜੀਆਂ ਨਾਜ਼ੁਕ ਨੇ
ਉਹਨੂੰ ਆਖੋ ਸੁਰਮਾ ਹੋਰ ਬਰੀਕ ਕਰੇ
ਸਾਡੀ ਸਾਰੀ ਉਮਰ ਸੰਘਰਸ਼ਾਂ ਵਿਚ ਲੰਘੀ
ਇਹਦੀ ਵੀ ਉਹ ਪੈਸੇ ਲੈ ਤਸਦੀਕ ਕਰੇ
ਰੱਬ ਦਾ ਅਪਨਾ ਘਰ ਹੀ ਢੱਠਿਆ ਫਿਰਦਾ ਹੈ
ਮੇਰੀ ਦੁਨੀਆਂ ਨੂੰ ਕਿੱਦਾਂ ਰਮਨੀਕ ਕਰੇ
ਪੱਥਰਾਂ ਦੀ ਨਗਰੀ 'ਚੋਂ ਕੋਮਲ ਮੁੜ ਆਇਐ
ਉਹਨੂੰ ਵੀ ਕੋਈ ਧੜਕਣ ਵਿਚ ਸ਼ਰੀਕ ਕਰੇ