ਇਕ ਚੰਗਿਆੜੀ ਲੈ ਕੇ ਮਘਦੇ ਸੂਰਜ ਕੋਲੋਂ
ਆਪਣੇ ਆਂਗਣ ਮੈਂ ਵੀ
ਅੱਗ ਜਲਾ ਬੈਠਾ ਹਾਂ
ਇਸ ਅੱਗ ਵਿੱਚ ਮੈਂ ਪਾ ਦੇਣਾ ਹੈ
ਕੁਲ ਪ੍ਰਾਪਤ ਸ਼ਬਦਾਂ ਤੇ ਅਰਥਾਂ ਦਾ ਬਾਲਣ
ਤੇ ਇਸ ਚਿੰਗਿਆੜੀ ਨੂੰ
ਭਾਂਬੜ ਕਰ ਦੇਣਾ ਹੈ।
ਇਸ ਅੱਗ ਤੋਂ ਕੁਝ ਸੇਕ ਮਿਲੇਗਾ
ਚਾਨਣ ਦਾ ਵਿਸ਼ਵਾਸ ਜਗੇਗਾ
ਹੋ ਜਾਏਗੀ ਪਰਖ ਨਾਲ ਹੀ
ਮੇਰੇ ਕੁਲ ਸ਼ਬਦਾਂ, ਅਰਥਾਂ ਦੀ
ਤੇ ਉਨ੍ਹਾਂ ਦੇ ਸੰਗ ਕਮਾਏ
ਚੇਤਨ, ਅਵਚੇਤਨ ਕਰਮਾਂ ਦੀ,
ਝੂਠੇ ਸ਼ਬਦ, ਅਰਥ ਜਲ ਜਾਣੇ
ਸੱਚ ਦੀ ਕਣੀ ਹੋਰ ਲਿਸ਼ਕੇਗੀ।
ਸ਼ਬਦ ਜੰਮਦੇ, ਗੱਲਾਂ ਕਰਦੇ ਤੇ
ਅਰਥਾਂ ਤੋਂ ਅਰਥਾਂ ਤੱਕ
ਇਕ ਪ੍ਰਵਾਹ ਚਲਦਾ ਹੈ।
ਅੱਜ ਦੀ ਅਗਨ-ਪ੍ਰੀਖਿਆ ਵਿਚੋਂ
ਜਿਹੜਾ ਅਰਥ ਜਿਉਂਦਾ ਮਿਲਣਾ
ਉਸ ਦੀ ਮਹਿਮਾ, ਮੇਰੇ ਆਪਣੇ
ਜੰਮਣ ਵਾਲੇ ਸ਼ਬਦ ਕਹਿਣਗੇ