ਜਮਨਾ ਤੇ ਇਕ ਰਾਤ

ਫੇਰ ਅਜ ਰਾਤ ਤੇਰੇ ਕੋਲ ਚਲਾ ਆਇਆ ਹਾਂ 

ਫੇਰ ਅਜ ਰਾਤ ਦੇ ਭਰ ਆਏ ਨੇ ਨੈਣ 

ਕਾਲਖ਼ਾਂ ਨਾਲ;

ਫੇਰ ਕਾਲਖ਼ ਦੀ ਨਜ਼ਰ ਕੋਟ ਸੁਲਗਦੇ ਹੰਝੂ;

ਕਿਹੜੇ ਗ਼ਮ-ਦੇਸ ਦੀ ਸਿਸਕੀ ਦੇ ਲੂੰ ਕੰਡਿਆਂ ਜਹੇ 

ਛੋਹ ਕੇ ਅਜ ਸੀਤ ਹਵਾ ਆਈ ?

ਇਹ ਕੀ ਆਦਤ ਹੈ ਕਿ ਗ਼ਮਗੀਨ ਬਣੀ ਬੈਠੀ ਏਂ

ਤੇਰੇ ਸੀਨੇ 'ਚ ਹਨੇਰਾ ਕਿਉਂ, ਉਦਾਸੀ ਕਿਉਂ

ਕੀ ਤੇਰੀ ਸਾਂਝ, ਤੇਰਾ ਪਿਆਰ

ਅਗਮ ਦੇਸ ਦੇ ਤਾਰਿਆਂ ਨਾਲ ?

ਅਪਣੇ ਸੀਨੇ 'ਚ ਜੁ ਅੰਗਿਆਰ ਜਗਾ ਬੈਠੀ ਏਂ

ਜਦ ਕਦੀ ਅੰਗ ਨੂੰ ਛੋਹ ਜਾਂਦੀ 'ਵਾ ਸਿਸਕੀ ਜਹੀ, 

ਨੀਂਦ ਤੇਰੀ 'ਚ ਇਕ ਹਉਕਾ ਚਮਕ ਪੈਂਦਾ

ਇਹ ਕੀ ਮਜਬੂਰੀ ਤੇਰੇ ਕੋਲ ਚਲਾ ਆਇਆ ਹਾਂ

ਅੱਜ ਨਵੀਂ ਤਲਖੀ ਮੇਰੀ ਜਾਨ ਹੰਡਾਈ ਤਾਂ ਨਹੀਂ 

ਅੱਜ ਨਵੀਂ ਲਾਸ ਮੈਂ ਪਿੰਡੇ 'ਚ ਸਵਾਈਂ ਤਾਂ ਨਹੀਂ, 

ਪੈਰ ਦੇ ਛਾਲੇ ਉਹੋ, 

ਹੱਥਾਂ ਦੇ ਰੱਟਣ ਵੀ ਉਹੋ; 

ਅੱਜ ਕੁਝ ਜਰਿਆ ਨਵਾਂ 

ਰੋਜ਼ ਜੋ ਜਰਦਾ ਨਹੀ;

ਮੇਰੀ ਨੀਂਦਰ ਤੇ ਕਿਸੇ ਵੱਖਰੀ ਚਿਣਗ ਛਿਣਕੀ ਨਹੀਂ, 

ਸ਼ਹਿਦ ਸੁਪਨੇ ਦੀ ਮੇਰੇ ਨੈਣ ਕਿਉਂ ਚਖਦੇ ਹੀ ਨਹੀਂ

ਮੇਰੀ ਸਾਥਣ, ਮੇਰੀ ਹਮਦਰਦ ਮੇਰੀ ਪਿਆਰੀ ਦੀ ਨੀਂਦ 

ਸੁਫ਼ਨੇ ਜੜੀ,

ਤ੍ਰੇਲਾਂ ਜੜੀ ਲਗਰ ਅਡੋਲ

ਮੇਰੇ ਬੱਚੇ, ਮੇਰੇ ਲਾਲ ਦੇ ਕੱਚ-ਦੂਧੀਆ ਸਵਾਸ 

ਉਨ੍ਹਾਂ ਤੇ

ਧਰ ਕੇ ਮੈਂ ਪੋਲੇ ਜਹੇ ਪੈਰ ਚਲਾ ਆਇਆ ਹਾਂ, 

ਕੁਝ ਤਾਂ ਮਜਬੂਰ ਹਾਂ ਤੇਰੇ ਕੋਲ ਚਲਾ ਆਇਆ ਹਾਂ।

ਹਲਕੀ ਆਵਾਜ਼ ਹੈ ਕੀ ?

ਕਿ ਕਿਸੇ ਬਿਰਛ ਦੀ ਗੋਹਲ, ਟੁਟ ਕੇ ਪਾਣੀ 'ਚ ਡਿਗੀ

ਪਾਣੀ ਦੀ ਨੀਂਦ ਤੇ ਲਹਿਰਾਏ ਨੇ ਕੁਝ ਸੁਫਨੇ ਜਹੇ, 

ਲਹਿਰ, ਇਕ ਹੋਰ ਲਹਿਰ, ਲਹਿਰ, ਫਿਰ ਹੋਰ ਲਹਿਰ; 

ਮੇਰੇ ਪਿੰਡ ਤੇ ਜਿਵੇਂ ਨੀਲ ਦੇ ਸਪ ਜਾਗੇ ਨੇ, 

ਨੀਲ ਦੇ ਸਰਪ ਜਿਵੇਂ ਦੁਨੀਆਂ 'ਚ ਲਹਿਰਾਏ ਨੇ; 

ਸਾਰੀ ਦੁਨੀਆਂ 'ਚ ਜਿਵੇਂ ਗ਼ਮ ਦਾ ਹਨੇਰਾ ਕਾਲਾ, 

ਦੂਰ ਅਣਜਾਣੇ ਗਿਰਾਂ, ਨਗਰ, ਸ਼ਹਿਰ ਅਣਦੇਖੇ, 

ਸਭ ਜਗਾ ਨ੍ਹੇਰੇ ਨੇ,

ਕੁਝ ਨੈਣ ਵੀ ਨੇ—ਹੰਝੂ ਜਹੇ, ਚਿਣਗ ਜਹੇ 

ਮੇਰੇ ਸੀਨੇ 'ਚ ਹੈ ਗ਼ਮ ਕਾਲਾ, ਉਦਾਸੀ ਸਭ ਦੀ; 

ਹੈ ਮੇਰਾ ਪਿਆਰ, ਮੇਰੀ ਸਾਂਝ

ਅਦਿੱਸ ਦੇਸ਼ ਦੇ ਹੰਝੂਆਂ ਨਾਲ, ਚਿਣਗਾਂ ਦੇ ਨਾਲ

ਜਦ ਕਿਸੇ ਦੇਸ਼ 'ਚੋਂ ਆਉਂਦੀ 'ਵਾ ਸਿਸਕੀ ਜਹੀ, 

ਨੀਂਦ ਮੇਰੀ 'ਚ ਇਕ ਹਉਕਾ ਚਮਕ ਉਠਦਾ ਏ; 

ਪਾਣੀ ਦੀ ਨੀਂਦ ਤੇ ਲਹਿਰਾਏ ਨੇ ਜਿਉਂ ਸੁਫਨੇ ਜਹੇ, 

ਕੀ ਕਿਸੇ ਬਿਰਛ ਦੀ ਗੋਹਲ, ਟੁਟ ਕੇ ਪਾਣੀ 'ਚ ਡਿਗੀ

ਹਲਕੀ ਆਵਾਜ਼ ਇਹ ਕੀ ?

📝 ਸੋਧ ਲਈ ਭੇਜੋ