ਜਾਂ ਚੜ੍ਹਿਆ ਸੰਨ ਸੰਤਾਲੀਆ, ਉੱਨੀਂ ਸੌ ਉੱਤੇ।
ਅੱਗ ਲੱਗੀ, ਥਾਂ ਥਾਂ ਭੂਤਰੇ, ਹਲਕਾਏ ਕੁੱਤੇ।
ਲੱਖ ਵਿੱਚ ਲਹੂ ਦੇ ਲਿੱਬੜੇ, ਮਖਣਾਂ ਵਿੱਚ ਗੁੱਤੇ।
ਲੱਖ ਛੁਰੀਆਂ ਸੀਨੇ ਲਾ ਕੇ, ਰਾਹਾਂ ਵਿੱਚ ਸੁੱਤੇ।
ਲੱਖ ਪੁੱਤਰ ਗਏ ਯਤੀਮ ਹੋ, ਲੱਖ ਪਿਓ ਨਿਖੁੱਤੇ।
ਲੱਖ ਮੁਰਦੇ ਰੁਲ ਗਏ ਖੇਤਰੀਂ, ਜਦ ਮੌਤ ਵਿਗੁੱਤੇ।
ਪਈ ਲਾਨਤ ਉਸ ਅੰਗਰੇਜ਼ ਨੂੰ, ਜਿਸ ਦੇ ਦੇ ਬੁੱਤੇ।
ਹਿੰਦ ਅਧ ਵਿਚਕਾਰੋਂ ਟੁੱਕਿਆ, ਛਲੀਆਂ ਦੀ ਰੁੱਤੇ।
ਫਿਰ ਲੱਗੇ ਹੋਣ ਤਬਾਦਲੇ, ਜਗ ਫਿਰੀ ਦੁਹਾਈ।
ਭਰ ਪੂਰੀ ਗੱਡੀ ਟੋਭਿਉਂ, ਹਿੰਦ ਵਲ ਚਲਾਈ।
ਸਨ ਚਾਰ ਹਜ਼ਾਰ ਸਵਾਰੀਆਂ, ਮਾਈ ਤੇ ਭਾਈ।
ਵਿੱਚ ਨਿੱਕੇ ਬਾਲ ਬੇਅੰਤ ਵੀ, ਪਏ ਦੇਣ ਦਿਖਾਈ।
ਜਿਉਂ ਤਿਲੀਅਰ ਅੰਦਰ ਜਾਲ ਦੇ, ਜਾਵਣ ਚਿਚਲਾਈ।
ਜਾਂ ਫਾਥੇ ਕੁੱਕੜ ਚੂਚਿਆਂ, ਕੁਰਲਾਟ ਮਚਾਈ।
ਸੀ ਪਾਣੀਂ ਬਾਝੋਂ ਤੜਫਦੀ, ਇਉਂ ਸਭ ਲੁਕਾਈ।
ਜਿਉਂ ਸਜਰੀ ਹੋਵੇ ਕਰਬਲਾ, ਯਜ਼ੀਦ ਬਣਾਈ।
ਜਦ ਡੱਬਾਂਵਾਲੇ ਛਾਛੀਆਂ, ਗੱਡੀ ਖਿਲਆਰੀ।
ਟੁੱਟ ਪਏ ਲੁਟੇਰੇ ਸੈਂਕੜੇ, ਲੈ ਸ਼ਹਿ ਸਰਕਾਰੀ।
ਚਲ ਪਈ ਨਿਹੱਥੀ ਖ਼ਲਕ ਤੇ, ਖੂੰਨਣ ਦੋਧਾਰੀ।
ਕਈ ਚੰਨ ਗਰਹਿਣੇ ਖੰਜਰਾਂ, ਲਾ ਸੱਟ ਕਰਾਰੀ।
ਕਈ ਤਾਰੇ ਡੋਬੇ ਬਰਛਿਆਂ, ਰੱਤ ਚੁੱਭੀ ਮਾਰੀ।
ਕਈ ਚਾਨਣ ਬੁਝ ਗਏ ਓਸ ਥਾਂ ਪਈ ਨ੍ਹੇਰ ਗਬਾਰੀ।
ਜਦ ਥਾਂ ਥਾਂ ਪਾਕਿਸਤਾਨੀਆਂ, ਰੱਤ ਮਿੱਝ ਖਿਲਾਰੀ।
ਤਦ ਕਾਬੂ ਆ ਗਈ 'ਚਾਤਰਾ' ਇਕ ਕੰਜ ਕੁਆਰੀ।
ਉਹ ਰੱਬ ਦੇ ਰੰਗ ਪਈ ਵੇਖਦੀ, ਇਕ ਨੁਕਰੇ ਦੜ ਕੇ।
ਉਨੂੰ ਪਾਇਆ ਹੱਥ ਮੁਸਟੰਡਿਆਂ ਗੱਡੀ, ਵਿਚ ਵੜ ਕੇ।
ਉਨੂੰ ਖੰਭੀਆਂ ਵਾਲੇ ਪਿੰਡ ਨੂੰ, ਝੱਟ ਲੈ ਗਏ ਫੜ ਕੇ।
ਉਨ੍ਹਾਂ ਪਿੰਜਰੇ ਪਾਈ ਸਿੰਘਣੀ, ਜਦ ਜਿੰਦੇ ਜੜ ਕੇ।
ਉਹ ਦਿਲ ਵਿਚ ਮੁੜ ਮੁੜ ਆਖਦੀ, ਗੁਰਬਾਣੀ ਪੜ੍ਹ ਕੇ।
'ਕੀ ਹੋਇਆ ਬਿਜਲੀ ਘੇਰ ਕੇ, ਜੇ ਬੱਦਲ ਕੜਕੇ।'
'ਜਦ ਨਲੂਏ ਦੇ ਪੁੱਤ ਆਉਣਗੇ, ਇਸ ਜ਼ੁਲਮੋਂ ਸੜ ਕੇ।'
'ਲੈ ਜਾਸਣ ਆਪਣੀ ਭੈਣ ਨੂੰ, ਵਿਚ ਰਣ ਦੇ ਲੜ ਕੇ।'
ਉਨੂੰ ਡਕ ਕੇ ਪਾਕਿਸਤਾਨੀਆਂ, ਕੀਤਾ ਇਹ ਹੀਲਾ।
ਇਕ ਰਖਿਆ ਉਸ ਤੇ ਪਹਿਰੂਆ, ਛੁਹਲਾ ਫ਼ੁਰਤੀਲਾ।
ਨਾਂ ਸੰਤੂ, ਜਾਤ ਚੁਮਾਰ ਦੀ, ਪਰ ਦਿਲੋਂ ਹਠੀਲਾ।
ਉਨੂੰ ਆਖੀ ਗਲ ਸੁਵਰਨ ਨੇ, "ਵੇ ਵੀਰ ਵਕੀਲਾ!
ਬਣ ਅਜ ਤੂੰ ਉਜੜੀ ਭੈਣ ਦਾ, ਕੋਈ ਦਰਦ, ਵਸੀਲਾ।
"ਵੇਖੇਂ ਸਿੱਖ ਦਸ਼ਮੇਸ਼ ਦਾ, ਕੋਈ ਸ਼ੇਰ ਛਬੀਲਾ।
ਉਨੂੰ ਕਹੀਂ, ਕੂੰਜ ਕੁਰਲਾਂਵਦੀ, ਸੁੱਕ ਹੋ ਰਹੀ ਤੀਲਾ।
ਕੱਢ ਆਣ ਅਜਾਬੋਂ ਭੈਣ ਨੂੰ, ਜੇ ਹੈਂ ਅਣਖੀਲਾ।"
ਗੱਲ ਮੰਨੀ, ਸੰਤੂ ਸੋਚ ਕੇ, ਨਨਕਾਣੇ ਆਇਆ।
ਉਥੇ ਹਿੰਦੁਸਤਾਨੀ ਫੌਜ ਨੇ, ਸੀ ਕੈਂਪ ਲਗਾਇਆ।
ਸੀ ਉਸ ਵਿਚ ਅਣਖੀ ਸੂਰਮਾ, ਕੰਬੋਜਣ ਜਾਇਆ।
ਉਹ ਕਿਸਨ ਸਿੰਘ ਵਰਿਆਮ ਸੀ, ਜਿਸ ਕਾਲ ਡਰਾਇਆ।
ਜਾ ਸੰਤੂ ਨੇ ਜਦ ਉਸ ਨੂੰ, ਇਉਂ ਦਰਦ ਸੁਣਾਇਆ।
ਹੈ ਖੰਭੀਆਂ ਵਾਲੇ ਭੈਣ ਨੇ, ਭਰ ਨੈਣ ਬੁਲਾਇਆ।
ਮੁਸਟੰਡੇ ਉਸ ਦੀ ਪਤ ਨੂੰ, ਹੱਥ ਚਾਹੁੰਦੇ ਪਾਇਆ।
ਸੁਣ ਅੱਗ ਭਬ੍ਰੂਕਾ ਹੋ ਗਿਆ, ਉਹ ਰੱਤ ਤਿਹਾਇਆ।
ਗੱਲ ਗੋਲੀ ਵੱਜੀ, ਸ਼ੇਰ ਨੂੰ ਭੱਬ ਉਸ ਨੇ ਮਾਰੀ।
ਉਹਦਾ ਲੂੰ ਲੂੰ ਤਿੱਖਾ ਹੋ ਗਿਆ, ਜਿਉਂ ਤੀਰ ਕਟਾਰੀ।
ਉਹਦੇ ਨੈਣਾਂ ਲਾਟਾਂ ਛੱਡੀਆਂ, ਅੱਗ ਭੜਕੀ ਭਾਰੀ।
ਉਹਦੇ ਹੱਥ ਵਿਚ ਨੱਚੀ ਨਾਗਣੀ, ਜਮਰਾਜ ਦੁਲਾਰੀ।
ਉਸ ਕਈ ਗੁਲਜ਼ਰੀਆਂ ਫੁੰਡੀਆਂ, ਅਜ ਤੱਕ ਨਾ ਹਾਰੀ।
ਉਸ ਹਰ ਥਾਂ ਵਿਚ ਮੈਦਾਨ ਦੇ, ਸਿਰ ਚਾੜ੍ਹੀ ਵਾਰੀ।
ਉਸ ਆਖਿਆ,"ਸੁਣ ਓਏ ਸੰਤਿਆ! ਮੈਂ ਦਿਲ ਵਿਚ ਧਾਰੀ।
"ਕੀ ਜੀਂਣਾਂ, ਕੂਕੇ ਜੇ ਕਦੇ, ਕੋਈ ਭੈਣ ਪਿਆਰੀ।"
ਉਹ ਇਕਲਵਾਂਝੇ ਹੋ ਕੇ, ਅਰਦਾਸਾ ਕਰਦਾ।
"ਮੈਂ ਕੂਕਰ ਫ਼ੌਜਾਂ ਵਾਲਿਆ ! ਹਾਂ ਤੇਰੇ ਦਰ ਦਾ।
ਛੱਡ ਹੱਥੋਂ ਡੋਰਾਂ ਖੁਲੀਆਂ, ਤਕ ਚੁੰਘੀਆਂ ਭਰਦਾ।
ਮੈਂ ਲਭ ਲਭ ਮਾਰਾਂ ਮੌਤ ਨੂੰ, ਮਰਨੋਂ ਨਹੀਂ ਡਰਦਾ।
ਹਾਂ ਲੈ ਕੇ ਤੇਰਾ ਆਸਰਾ, ਹੋਣੀ ਨੂੰ ਵਰਦਾ।
ਅੱਜ ਤਕ ਨਾ ਡਿੱਠਾ ਜੱਗ ਨੇ, ਸਿੰਘ ਹਰ ਕੇ ਮਰਦਾ।
ਜਿਉਂ ਨਲੂਆ ਤੇਰੇ ਨਾਮ ਤੇ, ਸੀ ਤੇਗਾਂ ਤਰਦਾ।
ਤਿਉਂ ਮੈਂ ਭੀ ਹਾਂ ਅਜ 'ਚਾਤਰਾ' ਸਿਰ ਭੇਟਾ ਧਰਦਾ।"
ਲੋ ਲੋ ਤੁਰਿਆ ਮਰਦ ਮੈਦਾਨ ਦਾ, ਲੈ ਗੋਲੀ ਗੱਠਾ।
ਆ ਰਲਿਆ ਨਾਲ ਨਰੈਣ ਸਿੰਘ, ਅਣਖੀਲਾ ਪੱਠਾ।
ਲੈ ਆਈਏ ਕੈਦਣ ਭੈਣ ਨੂੰ, ਕਰ ਦਾਈਆ ਕੱਠਾ।
ਉਹ ਆਖਣ, ਜ਼ਾਲਮ ਪਾੜਨੇ, ਜਿਉਂ ਕੋਰਾ ਲੱਠਾ।
ਅਸਾਂ ਅਜ ਬਹਾਉਣਾ ਰਾਤ ਨੂੰ, ਦੁਸ਼ਟਾਂ ਦਾ ਭੱਠਾ।
ਅਸਾਂ 'ਖੰਭੀਆਂ' ਦੇ ਖੰਭ ਸਾੜ ਕੇ, ਚਾਅ ਕਰਨਾ ਮੱਠਾ।
ਜਮ ਜਾਨਾਂ ਸਾਂਭਣ ਵਾਸਤੇ, ਖੰਭੀਆਂ ਨੂੰ ਨੱਠਾ।
ਹੈ ਅਣਖ ਸਿੰਘਾਂ ਦੀ ਛੇੜਨੀ, ਜਗ ਤੇ ਨਹੀਂ ਠੱਠਾ।
ਜਦ 'ਖੰਭੀਆਂ ਵਾਲੇ' ਅੱਪੜੇ, ਸੂਰੇ ਸਤਰਾਣੇ।
ਉਥੇ ਉਸ ਵੇਲੇ ਸਨ ਗੇਣਵੇਂ, ਜ਼ਾਲਮ ਜਰਵਾਣੇ।
ਬਸ ਗਾਜਰ ਮੂਲੀ ਸਿੰਘ ਸੀ, ਉਨ੍ਹਾਂ ਦੇ ਭਾਣੇ।
ਉਨ੍ਹਾਂ ਡਟ ਕੇ ਕੀਤਾ ਟਾਕਰਾ, ਪਾ ਗਾਜ਼ੀ ਬਾਣੇ।
ਉਨ੍ਹਾਂ ਭਾਜੀ ਭੇਜੀ ਰਫ਼ਲ ਚੋਂ ਰੰਗਦਾਰ ਮਖਾਣੇ।
ਸਿੰਘ ਬੈਠੇ ਮਲ ਪੁਜ਼ੀਸ਼ਨਾਂ, ਜਮ ਜੀਉਂਦਾ ਖਾਣੇ।
ਤਿੜ ਤਿੜ ਕਰ ਗਾਏ ਮੌਤ ਦੇ, ਇਉਂ ਰਫ਼ਲਾਂ ਗਾਣੇ।
ਜਿਉਂ ਤਿੜਕਣ ਅੰਦਰ ਭੱਠੀਆਂ ਮੱਕੀ ਦੇ ਦਾਣੇ।
ਇਉਂ ਗੋਲੀ ਆਮ੍ਹੋ ਸਾਹਮਣੇ ਚਲੀ ਦੋ ਘੜੀਆਂ।
ਬਣ ਰਫ਼ਲਾਂ ਬਾਸ਼ਕ ਨਾਗਣਾਂ, ਫਨ ਚੁਕ ਚੁਕ ਲੜੀਆਂ।
ਸੱਟ ਖਾ ਖਾ ਗਾਜ਼ੀ ਝੂਮਦੇ ਹਥ ਰਫ਼ਲਾਂ ਫੜੀਆਂ।
ਜਿਉਂ ਖੇਡਣ ਕਿਸੇ ਮਜ਼ਾਰ ਤੇ, ਜਾਦੂਗਰ ਜੜੀਆਂ।
ਇਉਂ ਡਿੱਗਣ, ਡਿੱਗਣ ਜਿਸ ਤਰ੍ਹਾਂ ਕੋਠੇ ਚੋਂ ਕੜੀਆਂ।
ਪਲ ਅੰਦਰ ਪਾਟੇ ਸੂਰਮੇ, ਰਤ ਕਾਂਗਾਂ ਚੜ੍ਹੀਆਂ।
ਤਕ ਬਚਿਆਂ ਬੁਢਿਆਂ ਆਖਿਆ, ਕਰ ਬਾਹੀਂ ਖੜੀਆਂ।
"ਅਜ ਸਿੱਖਾਂ ਹੱਥੋਂ ਸਾਡੀਆਂ, ਤਕਦੀਰਾਂ ਸੜੀਆਂ।"
ਜਦ ਡਿੱਠਾ ਕੋਈ ਨਾ ਸਾਹਮਣੇ, ਜੰਗੀ ਮਤਵਾਲਾ।
ਤਦ ਸਿੰਘਾਂ ਕੈਦਣ ਭੈਣ ਦਾ, ਕੜਕਾਇਆ ਤਾਲਾ।
ਝਟ ਫਤਿਹ ਬੁਲਾ ਕੇ ਨਿੱਕਲੀ, ਉਹ ਜੋਸ਼ ਜਵਾਲਾ।
ਜਿਉਂਂ ਛੁੱਟਾ ਚੰਨ ਗਰਹਿਣ ਤੋਂ, ਹੋ ਗਿਆ ਉਜਾਲਾ।
ਸੀ ਜੋ ਜੋ ਇਸ ਵਲ ਵੇਖਦਾ, ਬਦਨੀਤ ਕੁਚਾਲਾ।
ਉਹ ਸੁੱਤਾ ਡਿੱਠਾ ਸੱਥਰੀਂ, ਮੋਇਆ ਮੂੰਹ ਕਾਲਾ।
ਲਾ ਠੋਕਰ ਕਹਿੰਦੀ, "ਮੁਰਦਿਓ! ਡਿੱਠਾ ਜੇ ਚਾਲਾ।
ਹੈ ਆਖਰ 'ਚਾਤਰ' ਬਹੁੜਿਆ, ਗੁਰੂ ਫ਼ੌਜਾਂ ਵਾਲਾ"।