ਚੰਗੇ ਮਾੜੇ ਮਿੱਠੇ ਕੌੜੇ
ਅਨੁਭਵ ਮੇਰੇ ਕੋਲ ਬੜੇ ਨੇ
ਐਵੇਂ ਹੀ ਨਹੀਂ
ਏਨੀ ਸਾਰੀ ਉਮਰ ਲੰਘਾਈ
ਸਾਕਾਰ ਤੇ ਨਿਰਾਕਾਰ ਦੀ
ਅਜੇ ਤੀਕ ਪਰ ਸਮਝ ਨਾ ਆਈ
ਕਿਸ ਦੇ ਕੋਲ ਕਰਾਂ ਅਰਦਾਸ
ਜੇ ਉਹ ਰਮਿਆ ਸਾਹਾਂ ਅੰਦਰ
ਕਰ ਲਈਏ ਓਹੀ ਬੇਨਤੀ
ਆਪਣੇ ਆਪੇ ਪਾਸ
ਜਿੰਨੇ ਵੀ ਗੁਣ ਯੋਗ ਮਨੁੱਖ ਦੇ
ਸਾਰੇ ਲਵਾਂ ਸਹੇਜ
ਰਹੇ ਨਾ ਕੋਈ ਬੰਧੇਜ
ਪੰਜ ਔਗੁਣ ਪਰ ਨੇੜੇ
ਕਦੇ ਆਉਣ ਨਾ ਮੇਰੇ
ਇਹ ਨਾ ਉਹ
ਜੋ ਆਪਣੇ ਆਮ ਸਿਆਣੇ
ਇਨ੍ਹਾਂ ‘ਚੋਂ ਤਿੰਨ ਮੇਰੇ ਲਈ
ਉੱਕਾ ਹੀ ਵੱਖਰੇ
ਕਾਮ ਤਾਂ ਹੁੰਦਾ ਜੱਗ ਦਾ ਮੂਲ
ਮੋਹ ਦੇ ਬਾਝੋਂ
ਹਿੱਲ ਜਾਏ ਰਿਸ਼ਤੇ ਦੀ ਚੂਲ
ਦੰਭ ਅਤੇ ਅਨਿਆਂ ਦੇਖ ਕੇ
ਕਿਉਂ ਨਾ ਆਵੇ ਕ੍ਰੋਧ
ਹੁੰਦਾ ਇਸ ਦੇ ਨਾਲ ਵੀ
ਚੇਤਨਤਾ ਦਾ ਬੋਧ
ਇਹ ਤਿੰਨੇ ਮੈਂ ਗਿਣਾ ਨਾ ਔਗੁਣ
ਦੂਰ ਰਹਾਂ ਤੇ ਦੂਰ ਹੀ ਰੱਖਾਂ
ਲੋਭ ਅਤੇ ਹੰਕਾਰ
ਜੋ ਨੇ ਬਣਦੇ ਰੂਹ ‘ਤੇ ਭਾਰ
ਤਿੰਨ ਔਗੁਣ ਇਹ ਰਹਿੰਦੇ ਬਾਕੀ
ਈਰਖਾ, ਅਕ੍ਰਿਤਘਣਤਾ, ਕਮੀਨਗੀ
ਇਹ ਤਾਂ ਕਦੇ ਨਾ ਢੁਕਣ ਪਾਸ
ਜਦ ਤਕ ਦੇਹ ਵਿਚ ਚੱਲਣ ਸਵਾਸ
ਕਾਇਮ ਰਹੇ ਇਹ ਵੀ ਵਿਸ਼ਵਾਸ
ਬਿਰਥਾ ਨਾ ਜਾਏ
ਜਨ ਕੀ ਅਰਦਾਸ।