ਇਸ ਬਾਲਕ ਦੇ ਜਨਮ ਦਿਵਸ ਤੇ
ਕੇਹੋ ਜਹੇ ਮੁਹੱਬਤੀ ਆਏ
ਇਕ ਤਾਂ ਆਏ ਮੋਢਿਆਂ ਉਪਰ ਚੁਕ ਸਲੀਬਾਂ
ਝੱਲੀ ਖ਼ੁਸ਼ੀ 'ਚ ਹਰ ਪਿੰਡੇ ਤੇ ਜੰਗਲ ਉੱਗਾ
ਸਾਡੇ ਘਰ ਦੀ ਸਭ ਤੋਂ ਸੁਹਣੀ ਇੱਜ਼ਤ
ਉਹਨਾਂ ਪੋਟਾ ਪੋਟਾ ਵੰਡੀ
ਕੋਈ ਸਲੀਬ ਰਹੀ ਨਾ ਨੰਗੀ
ਚਿੱਟੀ ਧੁੱਪੇ ਸੜਦੇ ਚੌਰਾਹਿਆਂ ਵਿਚ
ਘਰ ਦੀ ਆਂਦਰ ਆਂਦਰ ਉਨ੍ਹਾਂ ਖਿਲਾਰੀ
ਏਦਾਂ ਸਾਡੇ ਘਰ ਵਿਚ ਕੋਈ ਮਸੀਹਾ ਆਇਆ
ਹਰ ਚੌਰਾਹਾ ਝੂਣ ਜਗਾਇਆ
ਮਗਰੇ ਮਗਰ ਉਨ੍ਹਾਂ ਦੇ ਆਏ
ਜੀਉਂਦੀ ਆਤਸ਼ਬਾਜ਼ੀ ਵਾਲੇ
ਢੋਲੇ ਗਾਉਂਦੇ ਲੁੱਡੀ ਪਾਉਂਦੇ
ਚਾਰ ਚੁਫੇਰੇ ਫ਼ਾਇਰ ਕਰਦੇ, ਮੀਂਹ ਵਰ੍ਹਾਉਂਦੇ
ਵਸਦੇ ਰਾਹ ਵਿਚ ਕੋਈ ਮਕਾਨ ਰਿਹਾ ਨਾ ਐਸਾ
ਵਾਂਗ ਚੌਮੁਖੀਏ ਦੀਵੇ ਜੋ ਨਾ ਉਨ੍ਹਾਂ ਜਗਾਇਆ
ਸਣਕਪੜੇ ਰਾਹਗੀਰ ਜਲਾ ਕੇ
ਵਾਂਗ ਅਨਾਰਾਂ ਰੌਸ਼ਨ ਕੀਤੇ
ਕੋਈ ਕੋਈ ਬੰਦਾ ਅੱਗ ਚੁਕਾ ਕੇ
ਵਾਂਗ ਹਵਾਈ ਸੜਕਾਂ ਦੇ ਉਤੇ ਚਲਵਾਇਆ
ਜਨਮ ਦਿਵਸ ਤੇ ਕੋਈ ਰਿਹਾ ਨਾ ਐਸਾ
ਰਜ ਕੇ ਅੱਗ ਨਾ ਜਿਸ ਨੇ ਖਾਧੀ
ਐਸੀ ਆਤਿਸ਼ਬਾਜ਼ੀ
ਪਹਿਲਾਂ ਸੁਣੀ ਨਾ ਡਿੱਠੀ
ਅੱਗ ਦੇ ਹਰਫ਼ਾਂ ਵਿਚ ਕਹਾਣੀ ਸਾਡੀ ਅੰਕਿਤ ਹੋਈ
ਉਹਨਾਂ ਪਿਛੋਂ ਉਹ ਵੀ ਆਏ
ਸਾਡੀਆਂ ਬਾਹਾਂ ਵਿਚੋਂ ਤੋੜ ਕੇ ਫੁਲ ਅਸਾਡੇ
ਪੱਤੀ ਪੱਤੀ ਕਰਕੇ ਸਾਡੇ ਵਿਹੜੇ ਭਰ ਗਏ
ਸਾਨੂੰ ਆਪਣੀ ਮਹਿਕ ਦਾ ਪਹਿਲਾਂ ਪਤਾ ਨਹੀਂ ਸੀ
ਇਨ੍ਹਾਂ ਮੁਹੱਬਤੀ ਲੋਕਾਂ ਦੇ ਸਦਕਾ ਹੀ ਯਾਰੋ
ਮਹਿਕ ਅਸਾਡੀ ਜ਼ਿੰਦਾ ਹੋਈ
ਅੱਗ ਪਹਿਨ ਕੇ ਖਾ ਕੇ
ਅੱਗ ਦੇ ਹਰਫ਼ ਪਛਾਣੇ
ਚੜ੍ਹੇ ਸਲੀਬਾਂ ਉਤੇ ਅਸੀਂ ਬਿਗਿਣਤੀ ਈਸਾ