ਵਰ੍ਹਿਆਂ ਦੇ ਮੋਢੇ ਉਤੇ ਹੱਥ ਰੱਖ ਕੇ

ਤੁਰਦੀ ਰਹੀ ਜੰਮਣ ਦੀ ਲਾਲਸਾ

ਉੱਨੀ ਕਦਮ ਚਲ ਕੇ ਵੀ ਮੈਂਨੂੰ

ਜਨਮਣ ਦਾ ਸਾਮਾਨ ਨਾ ਮਿਲਆ,

ਸਿਫਰ ਅੱਖਰਾਂ ਦਾ ਭਾਰ

ਨਾਵਾਂ ਦਾ ਸਫਰ ਕੀਤਾ-

ਇਕ ਨਾਂ ਮੇਰੀ ਮਾਂ ਦਾ ਸੀ ਇਕ ਪਿਤਾ ਦਾ

ਕੁਝ ਨਾਂ ਯਾਰਾਂ ਦੇ ਸਨ

ਕੁਝ ਸ਼ਹਿਰਾਂ ਦੇ, 'ਤੇ ਕੁਝ ਸੜਕਾਂ ਦੇ

ਇਹ ਸਾਰੇ ਨਾਂ 'ਰ' ਤੋਂ ਸ਼ੁਰੂ ਹੁੰਦੇ ਹਨ

ਜਿਨ੍ਹਾਂ ਤੋਂ ਇਕ ਸ਼ਬਦ 'ਰਵਾਇਤ' ਬਣਦਾ ਸੀ

ਪਰ ਕੋਈ ਵੀ ਨਾਂ ਜੀਵਨ ਨਹੀਂ ਸੀ

ਜੋ 'ਜ' ਤੋਂ ਸ਼ੁਰੂ ਹੋਣਾ ਸੀ

ਪਰ ਜਦ ਨਾ-ਜਨਮਣ ਦਾ ਇਹਸਾਸ

ਦਰਦ ਬਣ ਗਿਆ

ਤਾਂ ਵੀਹਵਾਂ ਕਦਮ ਸਾਹਵੇਂ ਸੀ-

ਤੇ ਮੈਂ 'ਜ' ਦੇ ਖਿੰਡਰੇ ਸ਼ਬਦ-ਅੰਗਾਂ 'ਚ' ਸੰਗੀਤ ਭਰਨਾ ਸੀ-

ਹਵਾ ਵਿਚ ਐਟਮੀ-ਧੂੜ ਸੀ

ਤੇ ਆਕਾਸ਼ 'ਚ ਅੱਖਾਂ ਉੱਗ ਆਈਆਂ ਸਨ

ਸ਼ਬਦਾਂ ਦੇ 'ਪੁਨ' ਤੇ 'ਪਾਪ' ਦਾ

ਮੇਰੀ ਕੌਮ ਕਰਦੀ ਪਈ ਸੀ ਸਫ਼ਰ

ਮੈਂ ਬੰਨ੍ਹ ਲਏ ਸਾਰੇ ਨਾਂ

ਆਪਣੀ ਪਿੱਠ 'ਤੇ

ਅਤੇ ਤੈਰਿਆ ਮਸ਼ਕ ਵਾਂਗ

ਆਪਣੇ ਲਹੂ ਦੇ ਸਾਗਰ ਵਿਚ…

ਜਿੱਥੇ ਮੇਰਾ ਵੀਹਵਾਂ ਕਦਮ ਮੁੱਕਦਾ ਸੀ

ਉਥੇ 'ਜੇਲ੍ਹ' ਸੀ-

ਤੇ ਇੰਜ 'ਇੱਕੀਵੇਂ' ਵਰ੍ਹੇ ਦੀ ਸਰਦਲ

ਮੈਂ 'ਜ' ਦੇ ਭਾਰ ਨਾਲ ਟੱਪਿਆ ਹਾਂ

ਜਿਸ ਤੋਂ ਇਕ ਸ਼ਬਦ 'ਜਨਮ' ਬਣਦਾ ਹੈ

ਤੇ ਇਕ 'ਜੀਵਨ'

ਤੇ ਵੀਹਾਂ ਦੇ ਵੀਹ ਵਰ੍ਹੇ

ਇਸ ਨਵ-ਜਨਮੇ ਮਨੁੱਖ ਨੂੰ

ਗੋਦੀ 'ਚ ਪਾ ਕੇ ਲੋਰੀ ਗਾਉਂਦੇ ਹਨ

ਤੇ ਨਾਲ ਘੁਲ ਜਾਂਦਾ ਹੈ

ਕੈਦੀ-ਸਾਥੀਆਂ ਦਾ ਬੇੜੀਆਂ ਛਣਕਾ ਕੇ ਗਾਇਆ

'ਜਨਮ ਦਿਨ ਮੁਬਾਰਕ' ਦਾ ਗੀਤ…

📝 ਸੋਧ ਲਈ ਭੇਜੋ