ਲਓ ਅੱਜ ਫੇਰ ਮੈਂ ਆਪਣਾ, ਜਨਮ ਦਿਨ ਮਨਾ ਲਿਆ,

ਇੱਕ ਹੋਰ ਵਰਾ ਜਿੰਦਗੀ ਦਾ, ਦਿਨ ਦਿਨ ਕਰਕੇ ਖਾ ਲਿਆ।

ਏਨਾ ਕੁ ਅੱਗੇ ਵਧ ਗਿਆ, ਕਿ ਜੜਾਂ ਨਾਲ ਨਾ ਪਿਆਰ ਰਿਹਾ,

ਨਾ ਹੀ ਇਹ ਹੋਇਆ, ਕਿ ਮੈਂ ਆਸਮਾਨ ਪਾ ਲਿਆ।

ਚੱਲ ਰਿਹਾਂ ਬੱਸ, ਕੋਹਲੂ ਦੇ ਬਲਦ ਜਿਹਾ,

ਇਸ ਭਰਮ ਵਿੱਚ, ਖੌਰੇ ਕਿੰਨਾ ਰਾਸਤਾ ਮੁਕਾ ਲਿਆ।

ਫੁੱਲ ਤੋਂ ਖੁੰਢ ਬਣ ਰਿਹਾ ਹੈ, ਇਹ ਦਿਲ ਮੇਰਾ,

ਬਚਪਨ, ਅੱਲੜ੍ਹਪੁਣਾ, ਜਦੋ ਦਾ ਗਵਾ ਲਿਆ।

ਢੀਠ ਜਿਹਾ ਮਨ ਮੇਰਾ, ਹਾਲੇ ਵੀ ਰੱਜੇ ਨਾ,

ਪਿਆਰ, ਨਫਰਤ, ਗੁੱਸਾ, ਗਿਲਾ, ਹਰ ਰੰਗ ਨਿਭਾ ਲਿਆ।

ਕਿੰਨੇ ਹਾਸੇ ਵੰਡੇ, ਕਿੰਨੇ ਦਿਲ ਕੀਤੇ ਹੌਲੇ ਮੈਂ,

ਕਿੰਨਾ ਭਾਰ ਪਾਪਾਂ ਦਾ, ਮੈਂ ਸਿਰ ਤੇ ਉਠਾ ਲਿਆ।

ਇੰਨੇ ਸਮੇਂ ਵਿੱਚ ਕਈ, ਜਾਨ ਤੋਂ ਪਿਆਰੇ ਬਣੇ,

ਕਈ ਜਾਨੋਂ ਪਿਆਰਿਆ ਨੂੰ , ਸਦਾ ਲਈ ਗਵਾ ਲਿਆ।

ਧੁੱਪਾਂ ਛਾਂਵਾ, ਝੱਖੜ, ਬਹਾਰਾਂ ਕਈ ਵੇਖੀਆਂ,

ਹਰ ਮੌਸਮ ਚੰਗਾ ਬੁਰਾ, ਹੱਸ ਕੇ ਹੰਢਾ ਲਿਆ।

ਜਨਮ ਦਿਨ, ਮਰਨ ਦਿਨ, ਜਨਮ ਦਿਨ ਫੇਰ ਹੁੰਦੇ ਰਹਿਣਗੇ,

ਜਦੋਂ ਤੱਕ ਤੂੰ "ਮੰਡੇਰ" ਨੂੰ  ਨਾ, ਗਲ ਨਾਲ ਲਾ ਲਿਆ॥

📝 ਸੋਧ ਲਈ ਭੇਜੋ