ਜੰਡ ਹੇਠ ਮਿਰਜ਼ੇ ਦੀ ਨੀਂਦ

ਕੁੱਲ ਧਰਤ ਰਹੀ ਵੇਖ :

ਮਿਰਜ਼ਾ ਸੁੱਤਾ ਜੰਡ ਹੇਠ,

ਬਾਰਾਂ ਤਪਣ ਵਿਚ ਜੇਠ,

ਦੂਰ ਵਗਦੀ ਝਨਾਂ

ਠੰਢੀ ਸਾਹਿਬਾਂ ਦੀ ਛਾਂ।

ਕੁੱਲ ਧਰਤ ਦੇ ਭੁਚਾਲ

ਲੰਘੇ ਸਾਲਾਂ ਦੇ ਸਾਲ

ਸੁੱਤੇ ਮਿਰਜ਼ੇ ਦੇ ਨਾਲ,

ਲੈਂਦਾ ਦੂਰ ਫਰਵਾਂ

ਭੁੱਲੇ ਬ੍ਰਿਛਾਂ ਦੇ ਨਾਂ।

ਨੀਂਦ ਵਿਚ ਪਵੇ ਜ਼ੋਰ 

ਦੇਵੋ ਚਰਖਾਂ ਨੂੰ ਤੋੜ 

ਕੱਢੋ ਨਵਾਂ ਕੋਈ ਲੋਰ— 

ਕਾਇਨਾਤ ਦਾ ਫ਼ਕੀਰ 

ਸਾਹਿਬਾਂ ਤੱਕ ਭਰੇ ਨੀਰ।

ਕੁੱਲ ਧਰਤੀ ਦੇ ਰਾਹ 

ਹੋਏ ਮਿਰਜ਼ੇ ਦੇ ਸਾਹ, 

ਸਾਹਿਬਾਂ ਵਗੇ ਦਰਿਆ

ਮੋਂਹਦਾ ਰੁੱਤਾਂ ਦੇ ਤੀਰ 

ਜੋਬਨ ਧਰੇ ਧੀਰ।

ਟੱਪੇ ਸਮਿਆਂ ਦੀ ਘਾਤ 

ਡੂੰਘੀ ਬੋਲਿਆਂ ਦੀ ਰਾਤ 

ਪੈੜਾਂ ਭੁੱਲੀਆਂ ਦੀ ਬਾਤ,

ਲੱਭੇ ਨੀਂਦਾਂ 'ਚ ਢੋਅ-

ਸਾਹਿਬਾਂ ਧਰਤੀ ਦਾ ਮੋਹ।

ਲੱਖਾਂ ਸਾਵਨਾਂ ਦੀ ਗੂੰਜ

ਪਵੇ ਮਿੱਠੀ ਮਿੱਠੀ ਬੂੰਦ, 

ਜਿਵੇਂ ਧਰਤੀ ਦੀ ਕੂੰਜ 

ਮਿਲੀ ਮਿਰਜ਼ੇ ਨੂੰ ਰੋ,

ਗਈ ਨੀਂਦਰਾਂ 'ਚ ਖੋ।

ਪਈ ਆਖਰਾਂ ਦੀ ਭੀੜ

ਯੋਗੀ ਵਲੀ ਗੌਸ ਪੀਰ

ਵੱਡੀ ਕਰ ਤਕਸੀਰ,

ਮਾਹੀ ਵੇਖਦੇ ਨੇ ਆਏ

ਡੁੱਬ ਗਏ ਤਿਰਹਾਏ

ਮੋਏ ਕਾਫ਼ਲੇ ਦੀ ਲੋਅ

ਕੱਚੇ ਘਰਾਂ ਦੇ ਮੋਹ

ਯਾਰੋ ਲੈਂਦੀ ਕੰਨਸੋਅ

ਪਈ ਨਦੀ ਵੱਲੋਂ ਆਏ

ਜਿਵੇਂ ਮਾਂਝੀ ਕੁਰਲਾਏ।

ਰੁਲੀ ਰੁਲੀ ਖ਼ਾਨਗਾਹ, 

ਕਿੱਥੇ ਮਾਹੀ ਸੁੱਤਾ ਜਾ

ਰਹੇ ਭਾਲ ਦਰਿਆ- 

'ਵਾਜਾਂ ਮਾਰਦੇ ਫ਼ਕੀਰ

ਮੋੜੀ ਮੁੜੇ ਵਹੀਰ।

ਚੀਰ ਨੀਂਦਰਾਂ ਦੇ ਰਾਹ

ਜਿੱਥੇ ਤੀਰ ਵੱਜੇ ਜਾ

ਉਹਦੀ ਧਰਤ ਗਵਾਹ-

ਮਿਰਜ਼ਾ ਪਹੁੰਚਿਆ ਅਖ਼ੀਰ

ਸਾਹਿਬਾਂ ਬੜੀ ਬੇ-ਨਜ਼ੀਰ॥

📝 ਸੋਧ ਲਈ ਭੇਜੋ