ਜਾਣਦਾ ਤੇ ਹਾਂ ਕਿ ਰੋਣਾ

ਜਾਣਦਾ ਤੇ ਹਾਂ ਕਿ ਰੋਣਾ ਪੀੜ ਦਾ ਦਾਰੂ ਨਹੀਂ। 

ਕੀ ਕਰਾਂ ਜਦ ਕਾਗ਼ਜ਼ੀ ਹਾਸੇ 'ਚ ਵੀ ਖੁਸ਼ਬੂ ਨਹੀਂ।

ਜੰਗਲੀ ਫੁੱਲਾਂ ਦੀ ਖ਼ੁਸ਼ਬੂ ਹੋ ਗਈ ਸੁਪਨਾ ਜਿਹੀ, 

ਪਾਲਤੂ ਫੁੱਲਵਾੜੀਆਂ ਵਿੱਚ ਕੁਦਰਤੀ ਜਾਦੂ ਨਹੀਂ

ਵਕਤ ਦੇ ਦੇ ਜ਼ਖ਼ਮਾਂ ਨੂੰ ਭਰਨਾ ਲੋਚਦੇ ਹੋ ਜੇ ਹਜ਼ੂਰ, 

ਮਰ੍ਹਮ ਤੇ ਪੱਟੀਆਂ ਫੜੋ ਹੱਥਾਂ 'ਚ ਜੀ, ਚਾਕੂ ਨਹੀਂ

ਬੱਚਿਆਂ ਦੇ ਪੈਰ ਜ਼ਖ਼ਮੀ ਹੋਣ ਨਾ, ਚਾਹੁੰਦੇ ਹੋ ਜੇ, 

ਵਿਹੜਿਆਂ ਵਿਚ ਫੁੱਲ ਉਗਾਓ ਜੰਗਲੀ ਬਾਥੂ ਨਹੀਂ।

ਵੰਡਦੇ ਹੋ ਖੰਡ ਵਿਚ ਵਲ ਕੇ ‘ਵਿਹੁ' ਉਹ ਦੋਸਤੋ, 

ਛਡ ਦਿਓ ਇਸਨੂੰ, ਇਹ ਸਦ ਉਪਯੋਗ ਦੀ ਵਸਤੂ ਨਹੀਂ।

ਮੈਂ ਵੀ ਕੀਤੀ ਹੈ ਮੁਹੱਬਤ, ਮੈਂ ਵੀ ਕੀਤਾ ਹੈ ਪਿਆਰ, 

ਹੋਰਨਾਂ ਵਾਂਗੂੰ ਮੇਰਾ ਦਿਲ ਵੀ, ਮੇਰੇ ਕਾਬੂ ਨਹੀਂ।

📝 ਸੋਧ ਲਈ ਭੇਜੋ