ਜਾਣਿਆਂ ਹੁਣ ਤੀਕ ਮੈਂ

ਜਾਣਿਆਂ ਹੁਣ ਤੀਕ ਮੈਂ ਕੋਈ ਵੀ ਸ਼ੈਅ ਅੰਤਮ ਨਹੀਂ। 

ਵਕਤ ਦੇ ਫੱਟਾਂ ਦਾ ਹੁਣ ਤੱਕ ਵੀ ਕਿਤੇ ਮਰਹਮ ਨਹੀਂ। 

ਜੇ ਕੋਈ ਧੁਨ ਧੁਰ ਕਲੇਜੇ ਤੀਕ ਲਰਜ਼ੇ, ਸੁਰਗ ਹੈ,

ਜ਼ਿੰਦਗੀ ਬੇਰਸ ਜਿਹੀ ਹੈ ਜੇ ਕਿਤੇ ਸਰਗਮ ਨਹੀਂ।

ਇਹ ਕਰੂੰਬਲ ਵਾਂਗ ਫੁੱਟਦੇ ਨੇ ਤੇ ਝੜ ਜਾਂਦੇ ਨੇ ਫਿਰ 

ਚਿਰ ਸਥਾਈ ਕੁਝ ਨਹੀਂ  ਖੇੜਾ ਨਹੀਂ ਤੇ ਗ਼ਮ ਨਹੀਂ।

ਕ਼ੈਦ ਮੈਂ ਖ਼ੁਦ ਨੂੰ ਬੜੇ ਅਰਸੇ ਤੋਂ ਕਰਕੇ ਰੱਖਿਐ,

ਮੈਥੋਂ ਵੱਧ ਜ਼ਾਲਿਮ ਕਿਤੇ ਦਿਸਿਆ ਕੋਈ ਹਾਕਮ ਨਹੀਂ। 

ਮੈਂ ਸਦਾ ਲਟ-ਲਟ ਬਲ਼ਾਂਗਾ ਜਿੰਨਾ ਵੀ ਮੌਕਾ ਮਿਲੂ,

ਪੌਣ ਮੇਰੀ ਲੋਅ ਨੂੰ ਕਰ ਸਕਦੀ ਕਦੇ ਮੱਧਮ ਨਹੀਂ।

📝 ਸੋਧ ਲਈ ਭੇਜੋ