ਜਰਾ ਦੇਖ ਕੇ ਬਾਹਰ ਨਿੱਕਲੀਂ

ਟੁਰੀਂ ਸੰਭਲ ਕੇ

ਹਵਾਵਾਂ ਨੇ ਵੀ ਲੰਘਣਾ ਹੈ

ਲੋਕਾਂ ਨੇ ਵੀ ਜਾਣਾ ਹੈ

ਕਿਤੇ ਰੋਜ਼ੀ ਰੋਟੀ ਲਈ

ਤੈਨੂੰ ਦੇਖਦੇ

ਵਿਚਾਰੇ ਹੈਰਾਨ ਹੋ ਜਾਂਦੇ ਨੇ

ਸ਼ਹਿਰ ਨਦੀਆਂ ਪੰਧ ਮੰਜ਼ਿਲਾਂ

ਰਾਹ ਭੁੱਲ ਜਾਂਦੇ ਨੇ

ਸੰਭਲ ਸੰਭਲ ਪੱਬ ਰੱਖ

ਕਿਤੇ ਕਿਸੇ ਦੀਆਂ

ਅਧੂਰੀਆਂ ਸੱਧਰਾਂ ਖਿੱਲਰੀਆਂ

ਸਿਸਕੀਆਂ ਲੈ ਰਹੀਆਂ ਹੁੰਦੀਆਂ ਹਨ

ਚਾਅ ਨਾ ਹੋਣ

ਕਿਤੇ ਪਏ ਕਿਸੇ ਦੇ ਰਾਹ 'ਚ

ਟੁੱਕੜੇ ਟੁੱਕੜੇ ਹੋਏ

ਅਣਗਾਏ ਗੀਤ ਨਾ ਜਾਣ

ਨਰਮ ਸੂਹੇ ਪੈਰਾਂ ਹੇਠ ਕਿਤੇ

ਪੱਤਾ ਨਾ ਹਿੱਲੇ

ਰੁੱਖ ਸੁੱਤੇ ਪਏ ਹਨ

ਸੁਫ਼ਨਿਆਂ ਦੀ ਦੁਨੀਆਂ 'ਚ

ਦੇਖੀਂ ਕੋਈ ਖੜਾਕ ਨਾ ਹੋਵੇ

ਤਾਰਿਆਂ ਵਰਗੇ ਹੁੰਦੇ ਨੇ

ਹਰ ਕੁਆਰੀ ਰਾਤ ਦੇ ਸੁਫ਼ਨੇ

ਜੋ ਗੁੰਦਦੀ ਹੈ ਹਰ ਅੱਧੀ ਰਾਤ 'ਚ

ਕਰਦੀ ਹੈ ਦੋ ਦੋ ਗੁੱਤਾਂ ਹਰੇਕ ਰੀਝ ਦੀਆਂ

ਖਿਆਲ ਰੱਖੀਂ

ਕਿਤੇ ਨੰਨੇ ਬੱਚੇ ਦੇ

ਚੰਨ ਨਾਲ ਖੇਡਣ ਦੇ ਪਲ

ਨਾ ਜ਼ਖ਼ਮੀ ਹੋ ਜਾਣ

ਏਦਾਂ ਰੱਖੀਂ ਅਗਲਾ ਪੱਬ

ਸੁਫਨਾ ਕੋਈ ਵੀ ਹੋਵੇ

ਕਦੇ ਟੁੱਟਿਆ ਜੁੜਿਆ ਨਹੀਂ ਅੱਜ ਤੱਕ

ਕਿਸੇ ਦੇ ਵਿਯੋਗ 'ਚ

ਹੰਝੂ ਨਾ ਅੰਜਾਈਂ ਵਹਿ ਜਾਣ

ਕਿਰੇ ਹੰਝੂ ਵੀ ਕਿਹੜਾ

ਸਾਂਭ ਸਕਿਆ ਹੈ ਮੁੜ ਪਲਕਾਂ 'ਚ

ਵਗਦੇ ਅੱਥਰੂਆਂ ਦੇ ਦਰਿਆ ਕਿਹੜਾ ਕੋਈ

ਰੋਕ ਸਕਿਆ ਹੈ

ਹੌਲੀ ਹੌਲੀ ਪੈਰ ਰੱਖ ਅਗਲਾ

ਕਾਇਨਾਤ ਸਾਰੀ ਸੌਂ ਰਹੀ ਹੈ

ਛਾਤੀ ਨਾਲ ਚੰਨ ਨੂੰ ਲਾ ਕੇ ਧਰਤ ਸੁੱਤੀ ਪਈ ਹੈ

ਹੁਣੇ ਕੁਆਰੀ ਅੱਗ ਦੀ

ਉਦਾਸੀ 'ਚ ਅੱਖ ਲੱਗੀ ਹੈ

ਵਟਣੇ ਵਾਲੇ ਦਿਨਾਂ ਦੇ

ਬੁੱਲੀਂ ਗੀਤ ਜੋੜੀਂ

ਮਹਿੰਦੀ ਰੰਗੇ ਕਿਸੇ ਦੇ

ਸੁਫ਼ਨੇ ਨਾ ਤੋੜੀਂ

📝 ਸੋਧ ਲਈ ਭੇਜੋ