ਡੌਲੇ ਫਰਕ ਉਠਣ ਜੰਗੀ ਬਿਗਲ ਸੁਣ ਕੇ,
ਛਾਤੀ ਜਿਹਦੀ ਫੁਲਾਦ ਦੀ ਬਣੀ ਹੋਵੇ।
ਜਿਸ ਦੇ ਬੋਲ ’ਚੋਂ ਦੀਨਾਂ ਦੀ ਆਹ ਨਿਕਲੇ,
ਤਨੋਂ ਮਨੋਂ ਗਰੀਬਾਂ ਦਾ ਤਣੀ ਹੋਵੇ।
ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕਾਂਬਾ,
ਅਣਖੀ ਸੂਰਮਾ ਤੇਗ ਦਾ ਧਣੀ ਹੋਵੇ।
ਕਰੇ ਸਿਰ ਸਿਰ ਵਾਰਨੇ ਕੌਮ ਉਤੋਂ,
ਜਿਸ ਦੇ ਵਿਚ ਕੋਈ ਕੁਦਰਤੀ ਕਣੀ ਹੋਵੇ।
ਸਾਡੇ ਅੱਥਰੂ ਵੇਖ ਕੇ ਤੜਫ਼ ਉੱਠੇ,
ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ।
ਜਿਹੜਾ ਪੰਥ ਦੀ ਸ਼ਮ੍ਹਾਂ ਤੋਂ ਜਾਨ ਵਾਰੇ,
ਇਹੋ ਜਿਹਾ ਹੋਵੇ ‘ਜਥੇਦਾਰ’ ਸਾਡਾ।