ਅਜੇ ਤੀਕ ਤੈਥੋਂ ਹੋਈ ਪਗੜੀ ਸੰਭਾਲ਼ ਨਾ
ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ।
ਕਰਜ਼ੇ 'ਚ ਜੰਮਦੇ ਨੇ ਕਰਜ਼ੇ 'ਚ ਮਰਦੇ
ਖੇਤਾਂ ਦੇ ਇਹ ਪੁੱਤ ਸਦਾ ਆਏ ਬਾਜ਼ੀ ਹਰਦੇ
ਸੋਕਾ ਡੋਬਾ ਗੜੇਮਾਰੀ ਕੀ ਕੀ ਨੇ ਜਰਦੇ
ਮਰ ਕੇ ਵੀ ਮੁੱਕਦਾ ਇਹ ਜੀਅ ਦਾ ਜੰਜਾਲ਼ ਨਾ
ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ ...।
ਤੇਰਾ ਪੈਦਾ ਕੀਤਾ ਹੀ ਰਿਜ਼ਕ ਸਾਰੇ ਖਾਂਦੇ ਨੇ
ਫਿਰ ਵੀ ਪਤਾ ਨੀ ਸਾਰੇ ਕਾਹਤੋਂ ਭੁੱਲ ਜਾਂਦੇ ਨੇ
ਤੇਰੇ ਖਾਣ ਲਈ ਸਲਫ਼ਾਸਾਂ ਛੱਡ ਜਾਂਦੇ ਨੇ
ਤੇਰਿਆਂ ਦੁੱਖਾਂ ਦਾ ਜਾਪੇ ਰੱਬ ਵੀ ਭਿਆਲ਼ ਨਾ
ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ ...।
ਧੀਆਂ ਪੁੱਤਾਂ ਵਾਂਗ ਜੱਟ ਫ਼ਸਲਾਂ ਹੈ ਪਾਲ਼ਦਾ
ਕੋਈ ਵੀ ਤਪੱਸਵੀ ਨਾ ਹੋਰ ਇਹਦੇ ਨਾਲ਼ ਦਾ
ਢੱਗਿਆਂ ਦੇ ਵਾਂਗ ਹੀ ਹੈ ਸਾਰੀ ਜੂਨ ਗ਼ਾਲ਼ਦਾ
ਇਹਦਾ ਦਿਨ ਰਾਤ,ਕੋਈ ਸਿਆਲ਼ ਤੇ ਹੁਨਾਲ਼ ਨਾ
ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ ...।
ਤੇਰਿਆਂ ਖੇਤਾਂ ਨੂੰ ਹੁਣ ਵਾੜ ਖਾਣ ਆ ਗਈ
ਸ਼ਾਹੂਕਾਰਾਂ ਡਾਕੂਆਂ ਦੀ ਧਾੜ ਖਾਣ ਆ ਗਈ
ਤੈਨੂੰ ਗਹਿਣੇ ਪਾਉਣ ਤੇ ਸਿਆੜ ਖਾਣ ਆ ਗਈ
ਨਵਿਆਂ ਫ਼ਰੰਗੀਆਂ ਦੀ ਸਮਝੇਂ ਤੂੰ ਚਾਲ ਨਾ
ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ ...।
ਕਰ ਲਾ ਕਮਰਕੱਸਾ ਮਾਰ ਲੈ ਮੰਡਾਸਾ ਤੂੰ
ਝੂਠ ਤੇ ਸੁਹਾਗਾ ਫੇਰ ਕਰ ਇੱਕ ਪਾਸਾ ਤੂੰ
ਚੁੱਕ ਲੈ ਕੁਹਾੜੀ ਕਹੀ ਚੁੱਕ ਲੈ ਗੰਡਾਸਾ ਤੂੰ
ਆਪਣੇ ਤੋਂ ਬਿਨਾ ਤੇਰੀ ਕੋਈ ਹੋਰ ਢਾਲ਼ ਨਾ
ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ਼ ਨਾ