ਜੌਹਰ-ਮੁਸ਼ਤਰਕਾ ਸਤੀ

ਧਾੜਵੀਆਂ ਦੀਆਂ ਧਾੜਾਂ ਆਈਆਂ

ਕਟਕ ਵਾਂਗਰਾਂ ਚੜ੍ਹਕੇ

ਰਾਜਪੁਤਾਨੇ ਦੇ ਮਹਿਲਾਂ ਵਿੱਚ

ਇੱਟ, ਇੱਟ ਨਾਲ਼ ਖੜਕੇ

ਇੱਟ ਇੱਟ ਨਾਲ਼ ਖੜਕ ਗਈ ਜਦ

ਮੱਚ ਗਈ ਸਾਰੇ ਹਾਹਾਕਾਰ

ਰਾਜ-ਪੁੱਤਰਾਂ ਨੇ ਜਦ ਵੇਖੀ

ਪੱਕੀ ਹੁੰਦੀ ਆਪਣੀ ਹਾਰ

ਮਹਿਲਾਂ ਦੀਆਂ ਮਹਿਲਾਵਾਂ ਰਲ਼ ਫਿਰ

ਅਜਬ ਹੀ ਕੀਤਾ ਚਮਤਕਾਰ

ਕੂੰਜਾਂ ਵਾਂਗੂ 'ਕੱਠੀਆਂ ਹੋ ਕੇ

ਆਈਆਂ ਲੰਮੀ ਬੰਨ੍ਹ ਕਤਾਰ

ਅਗਨ ਕੁੰਡ ਵਿੱਚ ਪਾ ਸਮੱਗਰੀ

ਕੀਤੀ ਸਾਂਝੀ ਚਿਤਾ ਤਿਆਰ

ਦੁਸ਼ਮਣ ਸੰਗ , ਅੰਗ ਛੋਹਣ ਦੇ ਨਾਲ਼ੋਂ

ਚਿਖਾ ‘ਚ ਦਿੱਤੀਆਂ ਛਾਲ਼ਾਂ ਮਾਰ

ਇਸ ਕੌਤਕੀ ਮੌਤ ਦੇ ਮੂੰਹ ਵਿੱਚ

ਪਈਆਂ ਸੈਆਂ ਨਾਰਾਂ

ਡਾਚੀਆਂ ਵਾਲੇ ਮਾਰੂ ਦੇਸ਼

ਗਾਉਂਦੇ ਲੋਕੀਂ ਵਾਰਾਂ

ਸੂਰ-ਬੀਰ ਤੇ ਮਰਦ ਬਹਾਦਰ

ਸਜ-ਧਜ ਕੇ ਤੇ ਫੜ੍ਹ ਹਥਿਆਰ

ਵੀਰ ਗਤੀ ਸਭ ਪਾਉਣ ਨੂੰ ਤੁਰ ਗਏ

'ਕੱਠੇ ਹੋ ਮਹਿਲਾਂ ਤੋਂ ਬਾਹਰ

ਝੋਟਿਆਂ ਦੀਆਂ ਲੜਾਈਆਂ ਦੇ ਵਿੱਚ

ਝੂੰਡਾਂ ਦਾ ਹੁੰਦਾ ਨੁਕਸਾਨ

ਜੰਗਾਂ ਵਿੱਚ ਔਰਤ ਵੀ ਹੁੰਦੀ

ਲੁੱਟਣ- ਪੁੱਟਣ ਯੋਗ ਸਮਾਨ

ਰਾਮ ਤੇ ਰਾਵਣ ਜਦ ਵੀ ਲੜਦੇ

ਔਰਤ ਦੇ ਭਾਅ ਦੀ ਬਣ ਆਵੇ

ਸਰੂਪਨਖਾ ਜਾਂ ਸੀਤਾ ਬਣਕੇ

ਆਦਿ ਕਾਲ ਤੋਂ ਮੁੱਲ ਚੁਕਾਵੇ

ਕਦੇ ਪੰਚਾਲੀ ਵਾਂਗ ਨਾਰ ਹੀ

ਦਾਅ ਤੇ ਲਾਈ ਜਾਵੇ

📝 ਸੋਧ ਲਈ ਭੇਜੋ