ਇਸ ਕਦਰ ਮੈਨੂੰ ਯਾਰਾ, ਜਜ਼ਬਾਤੀ ਨਾ ਕਰ,

ਇਹ ਅਜੀਬ ਜਿਹਾ ਦਰਦ, ਮੈਥੋਂ ਹੋਣਾ ਨੀ ਜਰ।

ਜਾਂ ਤਾਂ ਪੱਥਰ ਹੀ ਕਰ ਦੇ, ਕਿਸੇ ਨੁੱਕਰ ਧਰ ਦੇ,

ਨਾ ਦੁਨੀਆਂ ਨੂੰ  ਤੱਕਾਂ, ਨਾ ਖੁੱਦ ਤੋਂ ਮੈਂ ਅੱਕਾਂ,

ਨਾ ਕਿਸੇ ਖੁਸ਼ੀ, ਗਮ ਦਾ ਹੀ, ਹੋਵੇ ਅਸਰ।

ਥੋੜ੍ਹਾ ਕਮੀਨਾ ਹੀ ਕਰ ਦੇ, ਨਾਲ ਲਾਲਚ ਦੇ ਭਰ ਦੇ,

ਜੇ ਅੰਦਰੋਂ ਤੇ ਬਾਹਰੋਂ, ਮੈਂ ਵੱਖੋ ਵੱਖ ਹੋ ਜਾਂ,

ਦਿਲ ਵਿੱਚ ਹੱਸਦੇ ਵੀ, ਅੱਖੀਆਂ ਰੋ ਜਾਂ,

ਸ਼ਾਇਦ ਇਸ ਜਮਾਨੇ ਚ, ਜਿਉਣ ਜੋਗਾ ਹੋ ਜਾਂ।

ਕੋਹਲੂ ਦਾ ਬਲਦ ਜਿਉਂ, ਮੈਂ ਕੰਮਾਂ ਫਸ ਜਾਂ,

ਝੂਠਾ ਮੂਠਾ ਰੋ ਜਾਂ, ਤੇ ਉੱਤੋਂ ਜੇ ਹੱਸ ਜਾਂ,

ਗਫਲਤ ਜੀ, ਇਸ ਦੁਨੀਆਂ ਤੋ ਨੱਸ ਜਾਂ।

ਬੱਸ ਪੈਸੇ, ਤੇ ਚੌਧਰ ਲਈ, ਜਮੀਰੀ ਨੂੰ  ਭੁੱਲ ਜਾਂ,

ਕਦਰਾਂ ਨੂੰ  ਫੂਕਾਂ ਤੇ, ਅਮੀਰੀ ਤੇ ਡੁੱਲ ਜਾਂ,

ਮੁੱਛਾਂ ਚੜ੍ਹਾਵਾਂ ਤੇ ਹੰਕਾਰਾ ਫੁੱਲ ਜਾਂ,

ਆਪਣੇ ਤੋਂ ਦੂਰ ਹੋ ਕੇ, ਭੀੜ ਰੁੱਲ ਜਾਂ।

ਜੇ ਨਹੀਂ ਕਰ ਸਕਦਾ, ਤਾਂ ਕਦਮਾਂ ਥਾਂ ਦੇ,

ਮੇਰੀ ਹਸਤੀ ਮਿਟਾ ਕੇ, ਤੂੰ ਆਪਣਾ ਹੀ ਨਾਂ ਦੇ।

ਮੇਰੀ ਸਹਿਮੀ ਡਰਦੀ, ਸੋਚ ਨੂੰ  ਰਵਾਂ ਦੇ,

ਚਾਰ ਸਾਂਹ ਸੌਖੇ ਲੈ ਲਾਂ, ਐਨਾਂ ਤਾਂ ਸਮਾਂ ਦੇ।

ਬਹੁਤੀ ਦੇਰ ਇੰਝ ਜੀਣਾ, ਮੈਨੂੰ ਨਾ ਸਵੀਕਾਰ ਹੋਉ,

ਸਬ ਖਤਮ ਵਸੀਲੇ, ਤੇਰਾ ਇੰਤਜਾਰ ਹੋਊ।

ਜੇ ਉਸ ਦਿਨ "ਮੰਡੇਰ" ਤੇਰਾ ਪਾਗਲ ਕਰਾਰ ਹੋਉ,

ਇਹ ਸਾਰੀ ਅਣਹੋਣੀ ਦਾ, ਤੇਰੇ ਸਿਰ ਭਾਰ ਹੋਊ॥

📝 ਸੋਧ ਲਈ ਭੇਜੋ