ਜਜ਼ਬਾਤਾਂ ਦੀ ਭਰਮਾਰ ਏ, ਸੋਚਾਂ ਦੀਆਂ ਤੰਦਾਂ ਬਹੁਤ ਨੇ,
ਪਰ ਪੂਰੀ ਨਹੀਂ ਹੋ ਰਹੀ ਚੰਦਰੇ ਲਫ਼ਜ਼ਾਂ ਦੀ ਕਮੀ।
ਮੈਂ ਉਮਰ ਭਰ ਖੁਸ਼ੀਆਂ ਭਰਿਆ ਜੀਵਨ ਜਿਉਣਾ ਸੀ,
ਪਰ ਬੇਮੌਤ ਮੈਨੂੰ ਮਾਰ ਗਈ ਤੇਰੇ ਜਾਣ ਦੀ ਗਮੀ।
ਤੂੰ ਵੀ ਤਾਂ ਬਹੁਤ ਰੋਇਆ ਸੀ ਹਿਜ਼ਰ ਵਾਲੇ ਕਾਲ਼ੇ ਦਿਨ,
ਦੱਸ ਰਹੀ ਸੀ ਤੇਰੇ ਪਿੰਡ ਦੀ ਹਵਾ ਚ ਫੈਲੀ ਹੋਈ ਨਮੀ।
ਦੂਰ-ਦੂਰ ਤੀਕਰ ਫੈਲੀਆਂ ਜ਼ਮੀਨਾਂ ਮੁਬਾਰਕ ਤੁਸਾਂ ਨੂੰ,
ਸਾਨੂੰ ਤਾਂ ਬੱਸ ਰਹਿਣ ਲਈ ਦੇ ਦਿਉ ਦੋ ਕੁ ਹੱਥ ਜ਼ਮੀਂ।
ਖੁਦਾ ਕਸਮ ਹੌਲਾ ਫੁੱਲ ਵਰਗਾ ਕਮਜੋਰ ਕੱਚ ਵਰਗਾ ਏ,
ਵੇਖੀਂ ਤੋੜ ਨਾ ਦੇਵੀਂ ਸੋਚ-ਸਮਝ ਕੇ ਮੇਰਾ ਦਿਲ ਲਵੀਂ।
ਅੱਕ ਚੁੱਕੇ ਹਾਂ ਲਕੀਰਾਂ ਚ ਵੰਡੀ ਬੇਜ਼ਮੀਰੀ ਖਲਕਤ ਤੋਂ,
ਚੱਲ ਉਏ 'ਸਿੱਧੂ' ਵਸਾਈਏ ਕਿਤੇ ਕੋਈ ਦੁਨੀਆਂ ਨਵੀਂ।