ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ
ਰਾਤਾ ਚ ਅਰਸ਼ ਵਰਗੇ
ਸੁਪਨਿਆਂ ਦੀ ਰੌਸ਼ਨੀ ਸੀ-
ਤਾਰਿਆਂ ਨੂੰ ਮੱਥਿਆਂ ਤੇ
ਮੜ੍ਹਨ ਵਰਗੀ ਰੀਝ ਸੀ-
ਘਰ ਚੁੱਪ ਜੇਹਾ ਹੋ ਗਿਆ ਸੀ
ਮਾਂ ਦੀ ਅਸੀਸ ਨੂੰ ਕੋਈ ਤੌਖਲਾ ਦਿਸਣ ਲੱਗ ਪਿਆ ਸੀ
ਭੈਣਾਂ ਦੇ ਚਾਅ ਨੂੰ ਡੋਬ ਜੇਹੇ ਪੈਣ ਲੱਗ ਪਏ ਸਨ-
ਵੀਰ ਭਾਬੀ ਸੁਖੀ ਰਹਿਣ-
ਵਿਹੜੇ ਨੇ ਜ਼ੁਬਾਨ ਬੰਦ ਕਰ ਲਈ ਸੀ-
ਕਿੱਲੀਆਂ ਤੇ ਟੰਗੇ ਕੱਪੜੇ
ਅਣਜਾਣ ਜਿਹੇ ਹੋ ਗਏ ਸਨ-
ਰਸੋਈ ਦੀ ਰੌਣਕ ਖੁਰ ਰਹੀ ਸੀ-
ਰਜ਼ਾਈਆਂ ਚੋਂ ਨਿੱਘ ਮਰ ਗਏ ਸਨ-
ਬੂਟਿਆਂ ਨੇ ਡਾਲੀਆਂ
ਉੱਚੀਆਂ- ਕਰ ਲਈਆਂ ਸਨ
ਬੇਰੀ ਨੂੰ ਲੱਗੇ ਬੇਰ ਕਿਰ ਗਏ ਸਨ-
ਪੰਛੀਆਂ ਨੇ ਘਰ ਆਉਣਾ ਛੱਡ ਦਿਤਾ ਸੀ-
ਜਿਸ ਤੇ ਪਿੰਡ ਨੂੰ ਮਾਣ ਸੀ-
ਉਹ ਵੀ ਛੱਡ ਤੁਰ ਚੱਲਿਆ ਹੈ ਕਿੱਧਰੇ ਦੂਰ ਬਦੇਸ਼ੀਂ-
ਸ਼ਾਂਮਾਂ ਨੇ ਜਦ ਦੀ ਗੱਲ ਸੁਣੀ ਸੀ-
ਬੋਲਣੋਂ ਹਟ ਗਈਆਂ ਸਨ-
ਲੈ ਪੁੱਤ ਤੂੰ ਵੀ ਟੁਰ ਚੱਲਿਆਂ ਏਂ-
ਮਾਂ ਨੇ ਅੱਖਾਂ ਪੂੰਝਦਿਆਂ ਕਿਹਾ ਸੀ-
ਅੱਗੇ ਨਿੱਕੇ ਗਏ ਨਹੀਂ ਸੀ ਭੁੱਲੇ
ਹੁਣ ਮੇਰੇ ਪੋਤੇ ਪੋਤੀ ਨੂੰ ਵੀ ਲੈ ਚੱਲਿਆਂ ਏਂ-
ਕਿਹਨੂੰ ਦੇਖਣ-ਕਿੱਥੇ ਜਾਇਆ ਕਰਾਂਗੀ ਹੁਣ
ਕਿਸ ਚੀਜ਼ ਦੀ ਘਾਟ ਸੀ ਤੁਹਾਨੂੰ ਏਥੇ-
ਚੰਗੀ ਭਲੀ ਨੌਕਰੀ ਘਰ ਬਾਰ ਸੋਹਣਾ
ਬੀਜੀ ਕਿਹਾ ਕਰਦੇ-
ਉਹ ਨਹੀਂ ਸੀ ਜਾਣਦੀ ਕਿ
ਚੰਨ ਨੂੰ ਰਾਤ ਦੇ ਹਨ੍ਹੇਰਿਆਂ ਚ ਤੱਕਣ ਨੂੰ
ਏਥੇ ਸੱਧਰਾਂ ਜਨਮ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ
ਅੰਬਰ ਨੂੰ ਪੌੜੀ ਲਾਉਣ ਤੇ
ਖਿਸਕਾਉਣ ਵਾਲੇ ਅਨੇਕਾਂ ਸਨ ਏਥੇ
ਸੱਤਾ ਏਨੀ ਵਿਛ ਗਈ ਹੈ ਕਿ
ਬੰਸਰੀ ਦੇ ਛੇਕਾਂ ਚ ਮਿੱਟੀ ਪਾ ਭੱਜ ਜਾਂਦੇ ਨੇ ਕੁੱਤੇ
ਕੁਰਸੀਆਂ ਜੇ ਸਜਦੀਆਂ ਹਨ
ਤਾਂ ਪਹਿਲਾਂ ਆਪਣੇ ਨਲਾਇਕ ਪਿਆਦੇ ਬਿਠਾਏ ਜਾਂਦੇ ਹਨ-
ਜੋ ਨਿੱਤ ਹਕੂਮਤ ਦੇ ਪਾਵਿਆਂ ਨੂੰ ਸਿੱਜਦੇ ਕਰਦੇ ਹਨ-
ਮੈਰਿਟ ਕਬਰਾਂ ਨੂੰ ਟੁਰ ਗਈ ਹੈ-
ਅਦਾਲਤ ਅਪੀਲ ਨਹੀਂ ਸੁਣਦੀ
ਜੇ ਫ਼ੈਸਲਾ ਕਰਦੀ ਹੈ ਤਾਂ ਦਰਬਾਰਾਂ ਨੂੰ ਪੁੱਛ ਕੇ-
ਮਾਂ -ਪੁੱਤ ਕਰਨ ਤੇ ਕੀ ਨਾ ਕਰਨ-
ਕਿਹਦਾ ਦਿੱਲ ਕਰਦਾ ਹੈ-
ਕਿ ਆਪਣੀ ਖੇਡਣ ਭੋਂ ਨੂੰ ਅਲਵਿਦਾ ਕਹੇ-
ਜੇ ਕਿਤੇ ਆਪਣੇ ਹੀ ਪਿੰਡ ਸ਼ਹਿਰ ਜਗਦਾ ਭਵਿੱਖ ਦਿਸਦਾ-
ਪੰਜਾਬ ਦੀ ਜਵਾਨੀ ਤੇ ਸ਼ਬਾਬ-
ਬਦੇਸ਼ਾਂ ਦੇ ਖੇਤਾਂ ਫ਼ੈਕਟਰੀਆਂ ਚ ਨਾ ਰੁਲਦੇ
ਤੇ ਨਾ ਹੀ ਤੂੰ ਮਾਂ ਘਰ ਕੱਲੀ
ਖ਼ਤਾਂ ਫ਼ੋਨਾਂ ਦੀ ਉਡੀਕ ਚ ਤੜਫ਼ਦੀ-
ਨਾ ਹੀ ਬਾਪੂ ਡਿਉੜੀ ਚ
ਪੁੱਤਾਂ ਨੂੰ ਉਡੀਕਦਾ 2 ਕਿਸੇ ਦਰਿਆ ਦੀ ਰਾਖ਼ ਬਣ ਤਰਦਾ-
ਤੇ ਹਾਂ-ਜਦੋਂ ਵੀਰ ਭੈਣ ਦੇ ਵਿਆਹ ਤੇ
ਕਦੇ ਨਹੀਂ ਪਹੁੰਚਿਆ ਸੀ
ਓਸ ਦਿਨ ਰਾਤ ਦਾ ਇਤਿਹਾਸ
ਭੈਣਾਂ ਦੇ ਚਾਵਾਂ ਤੋਂ ਕਦੇ ਪੜ੍ਹੀਂ
ਬਾਪੂ ਦੇ ਮੂੰਹ ਦੇਖਣ ਦੇ
ਆਖਰੀ ਸਮੇਂ ਤੇ ਪਹੁੰਚਿਆ ਦਿਨ ਹੀ ਦੱਸ ਸਕਦਾ ਹੈ-
ਅਲਵਿਦਾ ਕਹਿ ਗਏ ਪਲਾਂ ਦੀ ਕਹਾਣੀ-
ਮਾਂ ਅਸੀਂ ਤਾਂ ਨਾ ਆਪਣੀ ਮਿੱਟੀ ਦੇ ਰਹੇ
ਤੇ ਨਾ ਹੀ ਕਿਸੇ ਹੋਰ ਮਿੱਟੀ ਨੇ ਸਾਨੂੰ ਗੋਦ 'ਚ ਲਕੋਇਆ-
ਕੀ ਦੱਸੀਏ ਕਦ ਲੰਘ ਜਾਂਦੇ ਨੇ
ਦੁਸਹਿਰੇ ਤੇ ਦੀਵਾਲੀਆਂ
ਕਿੱਥੇ ਗੁਆਚ ਗਏ ਹਨ-ਭੰਗੜੇ ਤੇ ਗਿੱਧੇ ਵਾਲੇ ਦਿਨ ਰਾਤਾਂ-
ਪਿੰਡ ਆਉਂਦੇ ਹਾਂ-
ਹੁਣ ਨਾ ਤੂੰ ਦਿਸਦੀਂ ਏਂ
ਤੇ ਨਾ ਸਾਰਾ ਨਿੱਕੇ ਵੱਡੇ ਵੀਰਾਂ ਭੈਣਾਂ ਵਾਲਾ ਵਿਹੜਾ-
ਨਾ ਤਾ ਸਾਥੋਂ ਤਾਰੇ ਕੱਠੇ ਕਰ ਹੋਏ
ਤੇ ਨਾ ਹੀ ਪਾ ਸਕੇ ਪੀਂਘਾਂ ਸੱਤਰੰਗੀਆਂ ਅੰਬਰ ਦੇ ਕਿਸੇ ਕਿਨਾਰੇ-
ਪਿੰਡਾਂ ਸ਼ਹਿਰਾਂ ਨੂੰ ਦੇਖਣ ਦੀ ਤਾਂਘ ਲੈ ਕੇ
ਲੈਂਦੇ ਹਾਂ ਫਲਾਈਟ
ਯਾਰਾਂ ਦਾ ਸ਼ੁਕਰ ਕਰਕੇ ਰੱਖਦੇ ਹਾਂ
ਪਹਿਲਾ ਪੱਬ ਜ਼ਹਾਜ ਦੀ ਪੌੜੀ ਤੇ-
ਅਸੀਂ ਤਾਂ ਸਦਾ ਅਲਵਿਦਾ ਕਹਿ ਹੀ ਟੁਰਦੇ ਰਹੇ-
ਕਦੇ ਦੇਸ਼ ਨੂੰ ਤੇ ਕਦੇ ਬਦੇਸ਼ ਨੂੰ-
ਚਾਅ ਸਾਡੇ ਅਜੇ ਵੀ ਅੰਬਰਾਂ ਚ ਉੱਡਦੇ ਹਨ-
ਬਚਪਨ ਸਾਡਾ ਅਜੇ ਵੀ ਤੇਰੀ ਮਿੱਟੀ ਚ ਗੁੰਨ੍ਹਿਆ ਪਿਆ ਹੈ-
ਤੋਤਲੇ ਬੋਲ ਅਜੇ ਵੀ ਤੇਰੇ ਵਿਹੜੇ ਚ ਡਿੱਗਦੇ ਉੱਠਦੇ ਰਹਿੰਦੇ ਹਨ-
ਨੀ ਭੈਣੇਂ ਨਜ਼ਰ ਮਾਰੀਂ ਆਪਣੇ ਸਹੁਰੇ ਘਰੋਂ-
ਜਰਾ ਦੇਖੀਂ ਨੀ ਮਾਂ-ਕਿਤੇ ਚੰਨ ਤੋਂ