ਜੇ ਮੇਰੀਆਂ ਕਵਿਤਾਵਾਂ
ਕਿਸੇ ਦੀ ਪੀੜ ਦਾ
ਬਿਆਨ ਨਹੀਂ ਕਰਦੀਆਂ
ਤਾਂ ਰੁਲਣ ਦਿਉ
ਮੇਰੀਆਂ ਕਵਿਤਾਵਾਂ ਨੂੰ
ਸੜਕਾਂ ਤੇ ਗਲੀਆਂ ’ਚ
ਕੂੜੇ ਦੇ ਢੇਰਾਂ ’ਤੇ
ਜਿਨ੍ਹਾਂ ਨੂੰ ਕੂੜਾ ਚੁਗਦੇ ਬੱਚੇ
ਵੇਚ ਕੇ
ਅੰਨ ਦੀ ਮੁੱਠੀ ਖਰੀਦ ਸਕਣ
ਜੇ ਮੇਰੀਆਂ ਕਵਿਤਾਵਾਂ
ਕਿਸੇ ਮਸਲੇ ਦਾ
ਜ਼ਿਕਰ ਨਹੀਂ ਕਰਦੀਆਂ
ਤਾਂ ਵਿਕਣ ਦਿਓ
ਮੇਰੀਆਂ ਕਵਿਤਾਵਾਂ ਨੂੰ
ਰੱਦੀ ਵਿੱਚ ਦੁਕਾਨਾਂ ਤੇ
ਜਿਨ੍ਹਾਂ ਵਿੱਚ ਹਟਵਾਣੀਏ
ਥੋੜਾ ਥੋੜਾ ਸੌਦਾ ਪਾ ਕੇ ਵੇਚਣ
ਜੇ ਮੇਰੀਆਂ ਕਵਿਤਾਵਾਂ
ਕਿਸੇ ਦੇ ਦਰਦ ਦੀ
ਬਾਤ ਨਹੀਂ ਪਾਉਂਦੀਆਂ
ਤਾਂ ਦੇ ਦੇਵੋ ਮੇਰੀਆਂ ਕਵਿਤਾਵਾਂ
ਬੱਚਿਆਂ ਦੇ ਹੱਥਾਂ ਵਿੱਚ
ਜਿਨ੍ਹਾਂ ਵਿੱਚ ਡੱਕੇ ਜੋੜ ਕੇ
ਉਹ ੳਹਨਾਂ ਦੇ ਪਤੰਗ
ਬਣਾ ਬਣਾ ਕੇ ਉਡਾਉਣ
ਜੇ ਮੇਰੀਆਂ ਕਵਿਤਾਵਾਂ
ਕਿਸੇ ਮੁਹੱਬਤ ਭਰੇ ਦਿਲ ਦੀ
ਗੱਲ ਨਹੀਂ ਕਰਦੀਆਂ
ਤਾਂ ਕਰਕੇ ਇਹਨਾਂ ਦਾ
ਪੁਰਜ਼ਾ ਪੁਰਜ਼ਾ
ਕਰ ਦਿਓ
ਜਲ ਪਰਵਾਹ
ਨਦੀ ਦੇ ਨੀਰ ਵਿੱਚ
ਬਿਲਕੁਲ
ਹਮਦਰਦੀ ਨਾ ਕਰਨਾ
ਮੇਰੀਆਂ ਕਵਿਤਾਵਾਂ ਦੇ ਨਾਲ
ਜੇ ਇਹ
ਆਮ ਆਦਮੀ ਦੇ
ਕੰਮ ਦੀਆਂ ਨਹੀਂ
ਤਾਂ ਇਨ੍ਹਾਂ ਨੂੰ
ਲਾਇਬਰੇਰੀਆਂ ’ਚ
ਸਾਂਭ ਕੇ
ਕੀ ਕਰਨਾ।