ਜੇ ਅੱਥਰੂ ਬਣ ਹੀ ਗਿਆ ਏਂ
ਲਿਪਟਿਆ ਰਹਿ
ਓਹਦੀਆਂ ਪਲਕਾਂ ਤੇ
ਕਿਰੀਂ ਨਾ ਮਰਨ ਲਈ
ਤਾਰਾ ਬਣੀਂ
ਜਿਸ ਦਿਨ ਟੁੱਟਣਾਂ ਹੋਇਆ
ਹਿੱਕ 'ਤੇ ਡਿੱਗੀਂ ਜ਼ਾਲਮ ਦੀ
ਸੂਰਜ ਬਣਿਆ ਏਂ
ਤਾਂ ਝੌਂਪੜੀਆਂ 'ਚ ਜਾ ਕੇ ਵੀ
ਜਗਣ ਜੋਗਾ ਹੋਵੇਂ
ਰਿਸ਼ਮ ਹੋਈ
ਤਾਂ ਗੋਰੇ ਪੱਬਾਂ ਦੇ ਰਾਹਾਂ 'ਚ ਵਿਛੀਂ
ਜਾਂ ਬੇੜੀਆਂ ‘ਚ ਜਕੜੇ ਪੈਰਾਂ ਦੀ ਛੁਹ ਬਣੀ
ਪਵਨ ਬਣਨ ਦੀ ਚਾਹਤ ਹੋਈ
ਤਾਂ ਓਹਦਾ ਬਲਦਾ ਪਿੰਡਾ
ਰੀਝਾਂ ਵਾਲਾ ਪਹਿਲਾਂ ਠਾਰੀਂ
ਤਪਦੀ ਧਰਤ ਨੂੰ ਜ਼ਰਾ ਠੰਢਾ ਕਰੀਂ
ਬਲਦੀਆ ਰੀਝਾਂ ਤੇ ਰਿਮਝਿਮ ਬਣ ਬਰਸੀਂ
ਦਰਿਆ ਬਣ ਮਚਲਿਆ
ਤਾਂ ਸੁੱਕੀਆਂ ਫਸਲਾਂ ਪਛਾਣੀਂ ਪਹਿਲਾਂ
ਸੁਪਨਾ ਬਣ ਜੇ ਉੱਤਰਨ ਦੀ ਰੀਝ ਹੋਈ
ਤਾਂ ਕਿਸੇ ਉਡੀਕ 'ਚ ਬੈਠੀ
ਨੰਨੇ ਬੱਚੇ ਦੀ ਅੱਖ 'ਚ ਜਗੀਂ
ਜੰਗ ਦੀ ਸੱਧਰ ਹੋਈ
ਤਾਂ ਕਿਸੇ ਜ਼ੁਲਮੀ ਹੱਥਾਂ ਨਾਲ ਦੋ ਹੱਥ ਕਰੀਂ