ਜੇ ਅੱਥਰੂ ਬਣ ਹੀ ਗਿਆ ਏਂ

ਜੇ ਅੱਥਰੂ ਬਣ ਹੀ ਗਿਆ ਏਂ

ਲਿਪਟਿਆ ਰਹਿ

ਓਹਦੀਆਂ ਪਲਕਾਂ 'ਤੇ

ਕਿਰੀਂ ਨਾ ਮਰਨ ਲਈ

ਤਾਰਾ ਬਣੀਂ

ਜਿਸ ਦਿਨ ਟੁੱਟਣਾਂ ਹੋਇਆ

ਹਿੱਕ 'ਤੇ ਡਿੱਗੀਂ ਓਹਦੀ

ਸੂਰਜ ਬਣਿਆ

ਤਾਂ ਝੌਂਪੜੀਆਂ 'ਚ ਜਾ ਕੇ ਜਗੀਂ

ਰਿਸ਼ਮ ਹੋਈ

ਤਾਂ ਗੋਰੇ ਪੱਬਾਂ ਦੇ ਰਾਹਾਂ 'ਚ ਵਿਛੀਂ

ਪਵਨ ਬਣਨ ਦੀ ਚਾਹਤ ਹੋਈ

ਤਾਂ ਓਹਦਾ ਬਲਦਾ ਪਿੰਡਾ

ਰੀਝਾਂ ਵਾਲਾ ਪਹਿਲਾਂ ਠਾਰੀਂ

ਸੁਪਨਾ ਬਣ ਜੇ ਉੱਤਰਨ ਦੀ ਰੀਝ ਹੋਈ

ਤਾਂ ਕਿਸੇ ਉਡੀਕ 'ਚ ਬੈਠੀਂ

ਨੰਨੇ ਬੱਚੇ ਦੀ ਅੱਖ 'ਚ ਜਗੀਂ

ਜੰਗ ਦੀ ਸੱਧਰ ਹੋਈ

ਤਾਂ ਕਿਸੇ ਜ਼ਾਲਮ ਨਾਲ ਦੋ ਹੱਥ ਕਰੀਂ

ਦਰਿਆ ਬਣ ਮਚਲਿਆ

ਤਾਂ ਸੁੱਕੀਆਂ ਜਲੀਆਂ ਫ਼ਸਲਾਂ ਪਛਾਣੀਂ ਪਹਿਲਾਂ

📝 ਸੋਧ ਲਈ ਭੇਜੋ