ਜੇ ਕਦੇ ਆਉਣਾ ਹੋਇਆ
ਤਾਂ ਖ਼ਤ ਵਾਂਗ ਆਵੀਂ
ਅਚਨਚੇਤ ਜੇਹੀ ਕਿਸੇ ਯਾਦ 'ਚੋਂ ਜਨਮੀਂ
ਉਡੀਕ ਦੀ ਰਾਹ 'ਚ ਤੈਨੂੰ
ਪੱਗ ਦੇ ਲੜ ਨਾਲ ਪੂੰਝ ਕੇ ਫੜਾਂ
ਪਹਿਲਾਂ ਤਾਂ ਹਿੱਕ ਨਾਲ ਲਾਵਾਂ
ਫਿਰ ਓਹਲੇ ਬਹਿ ਬਹਿ ਪੜ੍ਹਾਂ
ਬਹੁਤ ਕੁਝ ਖ਼ੁਰਦਾ ਰਹਿੰਦਾ ਹੈ
ਜਿੰਨਾ ਚਿਰ ਤੇਰਾ ਖ਼ਤ ਨਹੀਂ ਆਉਂਦਾ
ਡਾਕੀਆ ਜਦ ਬਿਨਾਂ ਰੁਕੇ ਲੰਘ ਜਾਂਦਾ ਹੈ
ਖ਼ਬਰੇ ਕਿੰਨੀਆਂ ਉਮੀਦਾਂ ਮਰਦੀਆਂ ਹਨ
ਕਿੰਨੀਆਂ ਸਿਖ਼ਰ ਦੁਪਹਿਰਾਂ ਬੈਠੀਆਂ
ਰਾਹ ਤੇਰੇ 'ਚ ਠਰਦੀਆਂ ਹਨ
ਦਿਲ ਜਿਹਨਾਂ ਦੀਆਂ ਨੁੱਕਰਾਂ 'ਚ
ਕੋਈ ਆਸ ਪੁੰਗਰਦੀ ਹੋਵੇ
ਜਦੋਂ ਉਹ ਆਪਣੀ ਅੱਗ 'ਚ ਮੁਰਝਾਉਂਦੇ ਹਨ
ਕਬਰਾਂ 'ਚੋਂ ਲਾਂਬੂ ਉੱਠਦੇ ਹਨ
ਪਿੰਡਾਂ ਦੀਆਂ ਜੂਹਾਂ 'ਚ ਚੁੱਪ ਸੌਂ ਜਾਂਦੀ ਹੈ
ਤੂੰ ਕਿਹੜਾ ਜਾਣਦੀ ਨਹੀਂ
ਕਿ ਖ਼ਤਾਂ ਦੀ ਉਡੀਕ ਕਿਹੜੀ ਉਮਰ ਨੂੰ ਲੱਗਦੀ ਹੈ
ਕਿਹੜੇ ਵੇਲੇ ਤਰੇੜ ਪੈਂਦੀ ਹੈ ਸ਼ੀਸ਼ੇ ਨੂੰ
ਕਦੋਂ ਬਣਦੇ ਨੇ ਰੰਗ ਬਿਰੰਗੇ ਸੁਪਨੇ ਪਲਕਾਂ 'ਤੇ
ਕਦੋਂ ਰੂਹ ਦੌੜਦੀ ਹੈ ਅੰਦਰ ਤੇ ਓਹਦੇ ਪਿੰਡ ਵੱਲ ਨੂੰ
ਖ਼ਤ ਹੀ ਹੁੰਦਾ ਹੈ
ਜੋ ਕਿਸੇ ਪਿੰਡ 'ਚੋਂ ਛੁਹ ਲੈ ਟੁਰ ਕੇ ਆਉਂਦਾ ਹੈ
ਖ਼ਤ ਹੀ ਬੂਹੀਂ ਅੰਬ ਪੱਤੇ ਲਟਕਾਉਂਦਾ ਹੈ
ਖ਼ਤ ਹੀ ਅੰਗਾਂ ਵਿਚ ਝਰਨਾਟਾਂ ਪਾਉਂਦਾ ਹੈ
ਖ਼ਤ ਸਤਰੀਂ ਟਿਕਿਆ ਅਸਮਾਨ
ਖ਼ਤ ਬਣ ਆਵੇ ਕਿਤੇ ਭਗਵਾਨ
ਖ਼ਤਾਂ ਵਿਚ ਰੀਝਾਂ ਖ਼ਤਾਂ ਵਿਚ ਜਾਨ
ਖ਼ਤ ਸੁਗੰਧੀਆਂ ਖ਼ਤ ਈਮਾਨ
ਖ਼ਤ ਇੰਜ ਮਿਲਣ ਜਿਵੇਂ ਇਨਸਾਨ
ਬੂਹਿਆਂ ਉਤੇ ਜਦ ਖ਼ਤ ਕੋਈ ਆਵੇ
ਉੱਜੜਦਾ ਪਿੰਡ ਨਗਰ ਵਸ ਜਾਵੇ
ਦਰ ਸੁੰਨਾ ਇਤਿਹਾਸ ਕਹਾਵੇ
ਜੇ ਕੋਈ ਦੁੱਖਦਾ ਦਿਲ ਲਿਖਾਵੇ
ਖ਼ਤਾਂ ਨੂੰ ਹੀ ਸਦਾ ਖ਼ਤ ਆਵਣ
ਜਦ ਕੋਈ ਯਾਦਾਂ ਰਾਤਾਂ ਖਾਵਣ
ਮਹਿਕਾਂ ਜੇ ਕਦੇ ਫੁੱਲ ਬਣ ਜਾਵਣ
ਗੋਦੀ ਚੱਕ ਚੱਕ ਚੰਨ ਖਿਡਾਵਣ
ਖ਼ਤ ਆਇਆ ਉਦਾਸ ਵੀ ਹੋਣਾ
ਜੋੜਦਾ ਟੁੱਟੇ ਸਵਾਸ ਵੀ ਹੋਣਾ
ਯਾਰਾਂ ਦਾ ਧਰਵਾਸ ਵੀ ਹੋਣਾ
ਬਾਪ ਵਰਗਾ ਪਰਕਾਸ਼ ਵੀ ਹੋਣਾ
ਆਵੇਗਾ ਕਦੇ ਛਾਂਵਾਂ ਦਾ ਖ਼ਤ
ਵਿਹੜੇ ਫਿਰਦੀਆਂ ਮਾਵਾਂ ਦਾ ਖ਼ਤ
ਨਿੱਕੇ ਵੱਡੇ ਭਰਾਵਾਂ ਦਾ ਖ਼ਤ
ਸੰਗ ਖੇਡਦੀਆਂ ਥਾਵਾਂ ਦਾ ਖ਼ਤ
ਖ਼ਤ ਹੀ ਨੇ ਖ਼ਤਾਂ ਦੇ ਸਾਏ
ਹੱਥਾਂ ਵਿਚ ਜਿਵੇਂ ਚੰਨ ਨੇ ਚਾਏ
ਸੂਹੇ ਬੁਲ੍ਹਾਂ ਲਈ ਚੁੰਮਣ ਆਏ
ਚੱਕ ਚੱਕ ਅੱਡੀਆਂ ਹਿੱਕੀਂ ਲਾਏ
ਸਖ਼ੀਓ ਨੀ ਕੱਲ੍ਹ ਖ਼ਤ ਇੱਕ ਆਇਆ
ਸਾਰਾ ਵਿਹੜਾ ਓਹਨੇਂ ਨੱਚਣ ਲਾਇਆ
ਤਾਰਿਆਂ ਆ ਕੇ ਝੁਰਮਟ ਪਾਇਆ
ਚਾਨਣੀ ਰਾਤ ਕੋਲੋਂ ਅਸਾਂ ਪੜ੍ਹਾਇਆ
ਖ਼ਤ ਕਹਿੰਦਾ ਸੀ ਕਿਸੇ ਨੇ ਆਉਣਾ
ਗਿਆ ਬਦੇਸ਼ੀਂ ਇਕ ਪ੍ਰਾਹੁਣਾ
ਰੰਗ ਸਾਂਵਲਾ ਚੰਨ ਤੋਂ ਸੋਹਣਾ
ਹਾਰ ਪਰੋਅ ਕੇ ਗਲ ਵਿਚ ਪਾਉਣਾ
ਹਰ ਇਕ ਸੁਫ਼ਨਾ ਇੰਜ ਸਜਾਉਣਾ
ਓਦਣ ਵਟਣੇ ਨੇ ਮਹਿੰਦੀ ਦਾ ਹੋਣਾ