ਜੇ ਕਦੀ ਮੇਰੇ ਨਾਲ ਖੁੱਲ੍ਹ ਜਾਂਦੇ।
ਸਾਰੇ ਬੰਧਨ ਕਿਵੇਂ ਨਾ ਭੁੱਲ ਜਾਂਦੇ।
ਉਮਰ ਭਰ ਬਹਿ ਕੇ ਰੋ ਲਿਆ ਹੁੰਦਾ,
ਜੇ ਕਦੀ ਇੰਜ ਦਾਗ਼ ਧੁਲ ਜਾਂਦੇ।
ਕਲ੍ਹ ਮਾਲੀ ਤੋਂ ਪੁੱਛਿਆ ਲਗਰਾਂ,
ਕਿਹੜੀ ਮੰਡੀ ਨੇ ਸਾਡੇ ਫੁਲ ਜਾਂਦੇ।
ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਨੂੰ,
ਕਿੰਨੇ ਜਜ਼ਬੇ ਨੇ ਇੰਜ ਰੁਲ ਜਾਂਦੇ।
ਐਸਾ ਸਾਗਰ ਹੈ ਰੂਹ ਦਾ ਇਕਲਾਪਾ,
ਇਸ ਦੇ ਉਤੋਂ ਨਾ ਬੰਨ੍ਹੇ ਪੁਲ ਜਾਂਦੇ।
ਉਸ ਦੇ ਮਨਭੌਂਦੇ ਰੰਗ ਹਾਲੇ ਵੀ,
ਮੇਰੇ ਖ਼ਾਬਾਂ 'ਚ ਆ ਕੇ ਘੁਲ ਜਾਂਦੇ।
ਕਿਸੇ ਛਾਬੇ ਤਾਂ ਉਤਰਦੇ ਪੂਰੇ,
ਕਿਸੇ ਇਕ ਗੱਲ 'ਤੇ ਤਾਂ ਤੁਲ ਜਾਂਦੇ।