ਜੇ ਕਰ ਲੋਕੋ ਢਹਿ ਗਈ, ਬਰਲਣ ਦੀ ਦੀਵਾਰ,
ਠਹਿਰੇ ਗੀ ਫਿਰ ਕਿਸ ਤਰ੍ਹਾਂ, ਇਹ ਕੰਡਿਆਲੀ ਤਾਰ।
ਪੁੱਠੇ ਪੈਰੀਂ, ਤੁਰ ਗਿਆ, ਦਰ ਤੇ ਆ ਕੇ ਯਾਰ,
ਕਿਸਮਤ ਟੂਣੇ ਹਾਰੀਏ, ਕਿੱਥੇ ਦਿੱਤੀ ਹਾਰ।
ਮੈਂ ਮੁਨਕਰ ਨਹੀਂ ਯਾਰੀਉਂ, ਸੁਣ ਮੇਰੇ ਦਿਲਦਾਰ,
ਯਾਰ ਕਹੋ ਤੇ ਰੱਖ ਦਿਓ, ਮੇਰੇ ਸਿਰ ਤੇ ਭਾਰ।
ਜੇ ਤੂੰ ਹੀਰ ਹੈਂ ਕਿਤੇ, ਲੈ ਰਾਂਝੇ ਦੀ ਸਾਰ,
ਵੰਝਲੀ ਚੀਕਾਂ ਮਾਰਦੀ, ਸੁਣ ਬੇਲੇ ਵਿਚਕਾਰ।
ਇਕ ਇਕੱਲੀ ਕਿਰਣ ਦਾ, ਵੇਖੋ ਕੀ ਕਿਰਦਾਰ,
ਦਿੱਤੇ ਸਾਡੀ ਝੋਲ ਵਿੱਚ, ਸੱਤੇ ਰੰਗ ਖਿਲਾਰ।
ਜਿਸਮ ਦੇ ਜੂਹੋਂ ਲੰਘ ਕੇ, ਕਰ ਰੂਹ ਦੇ ਦੀਦਾਰ,
ਜੀਵਣ ਜੋਗਾ ਹੋ ਗਿਆ, ਮਰ ਜਾਣਾ ‘ਅਵਤਾਰ’ ।