ਜੇ ਕੋਈ ਹੈ ਹੁਸਨ ਨੂੰ ਅਪਣਾ ਗਿਆ
ਆਪਣੀ ਪਹਿਚਾਨ ਨੂੰ ਖ਼ੁਦ ਖਾ ਗਿਆ।
ਰੁਲ ਗਿਆ ਉਹ ਪਤਝੜੀ ਪੱਤਿਆਂ ਤਰ੍ਹਾਂ
ਜੋ ਸਿਕੰਦਰ ਵਾਂਗਰਾਂ ਸੀ ਛਾ ਗਿਆ।
ਜ਼ਿੰਦਗੀ ਭਰ ਉਹ ਉਡਾਰੂ ਬਾਜ਼ ਸੀ
ਆਪਣੇ ਪਰ ਆਪ ਹੀ ਕਟਵਾ ਗਿਆ।
ਲੈ ਇਲਾਹੀ ਨੂਰ ਆਇਆ ਆਦਮੀ
ਧਾਰਮਿਕ ਗੁੰਜਲਾਂ ਦੇ ਵਿੱਚ ਭਰਮਾ ਗਿਆ।
ਕੌਲ ’ਕੱਠਿਆਂ ਜੀਣ ਦੇ ਕੀਤੇ ਮਗਰ
ਜਦ ਬੁਲਾਇਆ ਔਖ ਵਿੱਚ ਟਰਕਾ ਗਿਆ।
ਦੂਰ ਮੰਜ਼ਿਲ ਰਾਹ ਸੀ ਮੁਸ਼ਕਿਲ ਬੜੀ
ਪਰਤਿਆ ਤਾਂ ਸੌਖਿਆਂ ਘਰ ਆ ਗਿਆ।
ਚਾਨਣਾ ਹੀ ਚਾਨਣਾ ਹੈ ਘਰ ਮੇਰੇ
ਕੌਣ ਆ ਬੂਹਾ ਮੇਰਾ ਖੜਕਾ ਗਿਆ।
ਕਈ ਵਰ੍ਹੇ ਹੋ ਗਏ ਨੇ ਜਿਸ ਨੂੰ ਵੇਖਿਆਂ
ਅੱਜ ਖ਼ਾਬਾਂ ਵਿੱਚ ਉਹ ਮੇਰੇ ਆ ਗਿਆ।
ਪਿਰਹੜੀ ‘ਉੱਪਲ’ ਨਿਭਾਈ ਖੂਬ ਉਸ !
ਕਾਗ਼ਜ਼ੀ ਫੁੱਲਾਂ ਦੇ ਮੇਲੇ ਲਾ ਗਿਆ।