ਇਹ ਕੌਣ ਆਇਆ ਏ ਮੇਰੀ ਅਰਥੀ ਦੇ ਨਾਲ ?
ਕਿਸਦਾ ਹਟਕੋਰਾ ਜਿਹਾ ਸੁਣਦਾ ਹਾਂ ਮੈਂ ?
ਇਹ ਕਿਦ੍ਹੇ ਮਾਸੂਮ-ਜਿਹੇ ਪੈਰਾਂ ਦੀ ਹਲਕੀ ਚਾਪ ਏ ?
ਇਹ ਕਿਤੇ ਉਹੀਓ ਨਹੀਂ ?
ਅਸਤ ਵੇਲੇ ਦੀ ਕਿਰਨ ਨੂੰ ਵੇਖ ਕੇ ਕੁਝ ਯਾਦ ਕਰ
ਯਾਦ ਕਰ ਖਾਂ ਉਹ ਸਮਾਂ
ਜਦ ਤੇਰੇ ਮਹਿਲਾਂ ਦੇ ਲੰਮੇ ਸਹਿਮ-ਪਰਛਾਵੇਂ ਹੇਠਾਂ
ਆ ਖਲੋਤਾ ਇਕ ਜਵਾਨ
ਅਪਣੀ ਚੌੜੀ ਹਿਕ 'ਚ ਲੈ
ਮਾਸੂਮ ਰੀਝਾਂ ਦਾ ਜਹਾਨ
ਜਿਸ ਦਾ ਉੱਚਾ ਕਦ ਸੀ ਇਕ ਜਜ਼ਬਾ-ਜਵਾਨ
ਜਿਸ ਦੀ ਤਾਕਤ ਤੇ ਵਫ਼ਾਦਾਰੀ ਨੂੰ ਤੂੰ
ਕੁਝ ਟਕੇ ਤੇ ਫ਼ਾਕਿਆਂ ਦੇ ਇਵਜ਼ ਸੀ ਲਿੱਤਾ ਖ਼ਰੀਦ
ਜਿਸ ਦੀ ਉਮਰਾ ਦੇ ਵਰ੍ਹੇ
ਤੇਰੀ ਖ਼ਾਤਰ ਅਰਕ ਬਣ ਬਣ ਕੇ ਵਗੇ
ਤੁਬਕਾ ਤੁਬਕਾ ਜ਼ਿੰਦਗੀ ਊਣੀ ਹੋਈ ਤੇਰੇ ਲਈ
ਸ਼ੁਅਲਾ ਉਹਦੀ ਜ਼ਿੰਦਗੀ ਦਾ ਸੀ ਤੜਪ ਉਠਦਾ ਕਦੀ
ਬਕਣ ਤੇ ਮਜਬੂਰ ਹੋ ਜਾਂਦਾ ਸੀ ਉਹ
ਨੀਲ ਆਪਣੇ ਜਿਸਮ ਦੇ ਜਗ ਨੂੰ ਵਿਖਾ ਦੇਂਦਾ ਸੀ ਉਹ
ਫੇਰ ਵੀ ਅਪਣੀ ਵਫ਼ਾ ਵੇਚਣ ਲਈ ਮਜਬੂਰ ਸੀ
ਅੰਤ ਸ਼ੁਅਲਾ ਜ਼ਿੰਦਗੀ ਦਾ ਸਤ ਕੇ ਭਾਂਬੜ ਬਣ ਗਿਆ
ਖ਼ਤਮ ਹੋਈ ਜ਼ਿੰਦਗੀ, ਉਸ ਦੀ ਮਜਬੂਰੀ, ਵਫ਼ਾ ।
ਅਸਤ ਵੇਲੇ ਦੀ ਕਿਰਨ
ਅਪਣੇ ਕੋਲੇ ਅਸਤ-ਸਾਗਰ ਵਿਚ ਡੁਬੋ
ਹੋ ਗਈ ਖ਼ਾਮੋਸ਼, ਪੈਂਡੇ ਮੁਕ ਗਏ ।
ਅਸਤ ਵੇਲੇ ਦੀ ਕਿਰਨ ਨੂੰ ਵੇਖਕੇ ਕੁਝ ਯਾਦ ਕਰ
ਇਹ ਹੈ ਛੁੱਟੀ ਦਾ ਸਮਾਂ,
ਹੈ ਸਿਹਨ ਤੇਰੇ ਵਿਚ ਜਮਾਂ
ਪਹੀਏ-ਗੇੜੂ ਡੰਗਰਾਂ ਦਾ ਇਕ ਗਿਰੋਹ;
ਚਾਰਾ ਨਹੀਂ ਤਾਂ ਨਾ ਸਹੀ,
ਅਪਣੀ ਤਿਜੌਰੀ ਵਿਚੋਂ ਫਾਕੇ ਵੰਡ ਦੇ ਜਾ ਰੋਜ਼ ਵਾਂਙ
ਏਥੇ ਹਟਕੋਰੇ ਨ ਭਰ
ਆਖ ਨਾ ਚੰਗਾ ਸੀ ਉਹ, ਮੇਰੀ ਵਫ਼ਾ ਨ ਯਾਦ ਕਰ
ਮੈਨੂੰ ਤਾਂ ਅਪਣੀ ਵਫ਼ਾ ਤੇ ਮਾਣ ਨਹੀਂ
ਤੇਰੇ ਹੰਝੂ ਨੂੰ ਮੇਰੇ ਮਾਤਮ ਦਾ ਹਰਗਿਜ਼ ਹਕ ਨਹੀਂ
ਮਰ ਚੁਕੇ ਨੂੰ ਹੋਰ ਨ ਕੋਹ ਅਪਣੀ ਹਮਦਰਦੀ ਦੇ ਨਾਲ
ਇਹ ਕੌਣ ਆਇਆ ਏ ਮੇਰੀ ਅਰਥੀ ਦੇ ਨਾਲ ?