ਜੇ ਮਾਪੇ ਤੀਰਥ ਮੰਨ ਲਈਏ

ਜੇ ਮਾਪੇ ਤੀਰਥ ਮੰਨ ਲਈਏ, ਫਿਰ ਘਰ ਵਿੱਚ ਵਹਿੰਦੀ ਗੰਗਾ ਏ।

ਹਰ ਇੱਕ ਵਿੱਚ ਰੱਬੀ ਰੂਹ ਹੁੰਦੀ, ਬੰਦਾ ਚੰਗਾ ਭਾਵੇਂ ਮੰਦਾ ਏ।

ਮਾਣ ਨਾਲ ਫੌਜੀ ਦਾ ਸੀਨਾ ਫੁੱਲ ਜਾਂਦਾ,

ਜਦ ਜੰਗ ਜਿੱਤ ਕੇ ਦੇਸ ਦਾ ਲਹਿਰਾਉਂਦਾ ਝੰਡਾ ਏ।

ਲੱਖ ਖੁਰਾਕਾਂ ਖਾ ਲਏ ਕਦੇ ਝੰਡੀ ਨਹੀਂ ਜਿੱਤਦਾ,

ਹੁੰਦਾ ਜੋ ਭਲਵਾਨ ਲੰਗੋਟੇ ਦਾ ਗੰਦਾ ਏ।

ਲਾ ਕੇ ਅੱਗ ਸ਼ਰੀਕਾਂ ਵਿਹੜੇ ਸੱਜਣਾ ਹੱਸਦਾ ਏਂ,

ਜਦ ਤੇਰੇ ਘਰ ਵਿੱਚ ਲੱਗਣੀ, ਫਿਰ ਪੈਣਾ ਪੰਗਾ ਏ।

ਆਖਣ ਨੂੰ ਤਾਂ ਸੌਖੀ ਬੜੀ ਆਜਾਦੀ ਮਿਲ ਗਈ ਏ,

ਵਿਰਲਾ ਹੀ ਕੋਈ ਦੇਸ਼ ਲਈ ਗਲ ਪਾਉਂਦਾ ਫੰਦਾ ਏ।

ਕਾਹਦਾ ਮਾਣ ਜਵਾਨੀ ਵਾਲਾ ਸੱਜਣਾ ਕਰਦਾ ਏਂ,

ਤੇਰਾ ਉੱਡਣਾ ਭੌਰ ਵਜੂਦੋਂ ਜਿਉਂ ਰੂੰ ਦਾ ਫੰਬਾ ਏ।

ਜਿਉਂਦੇ ਜੀ ਹੀ 'ਸੱਤਿਆ' ਮਾਪੇ ਮੁੱਕ ਜਾਂਦੇ,

ਜਦ ਪਿਉ ਪੁੱਤ ਦੀ ਅਰਥੀ ਨੂੰ ਲਾਉਂਦਾ ਕੰਧਾ ਏ।

ਪੰਜ ਕਕਾਰ ਨੇ ਬਖ਼ਸੇ ਸਾਨੂੰ ਸਾਹਿਬ ਨੇ,

ਕੇਸ, ਕੜਾ, ਕਿਰਪਾਨ, ਕਛਹਿਰਾ, ਪੰਜਵਾਂ ਕੰਘਾ ਏ।

📝 ਸੋਧ ਲਈ ਭੇਜੋ