ਜੇ ਨਾ ਤੇਰਾ ਹਿਲਦਾ ਦਿਲ।
ਕਿੱਦਾਂ ਮੈਨੂੰ ਮਿਲਦਾ ਦਿਲ ।
ਤੇਰੇ ਨਾਲ ਬਹਾਰਾਂ ਸਨ
ਹੁਣ ਬਿਲਕੁਲ ਨਹੀਂ ਖਿਲਦਾ ਦਿਲ ।
ਬਣਦੀ ਬਣਦੀ ਬਣਦੀ ਗਲ
ਮਿਲਦਾ ਮਿਲਦਾ ਮਿਲਦਾ ਦਿਲ ।
ਮੋੜ ਕੇ ਦੇਂਦੋਂ ਜਦ ਦਿਲ ਤੂੰ
ਰਹਿ ਗਇਆ ਉਹੀਉ ਦਿਲ ਦਾ ਦਿਲ ।
ਗ਼ੈਰਾ ਇਸ਼ਕ ਨ ਖੇਲ ਸਮਝ
ਸਿਰ ਦੇ ਵੱਟੇ ਮਿਲਦਾ ਦਿਲ ।
ਦਿਲ ਨੂੰ ਦਿਲ ਦਾ ਰਾਹ ਹੁੰਦੈ
ਜਾਣੂ ਹੁੰਦੈ ਦਿਲ ਦਾ ਦਿਲ ।
ਤੇਰੇ ਨਾਲ ਗਈ ਰੌਣਕ
ਤੂੰ ਹੀ ਮੈਂ ਮਹਿਫ਼ਲ ਦਾ ਦਿਲ ।
ਪੂਜਣ ਨੂੰ ਦਿਲ ਕਰਦਾ ਹੈ
ਇਕ ਜ਼ਾਲਿਮ ਕ਼ਾਤਿਲ ਦਾ ਦਿਲ।
ਮੁਕਰੇ ਕਿਉਂ ਹੋ ਇਹ ਕਹਿ ਕੇ
"ਲੈ ਲਉ ਸਾਥੋਂ ਦਿਲ ਦਾ ਦਿਲ ।”
ਮੋਮ ਕਿਵੇਂ ਹੋ ਜਾਏਗਾ
ਪੱਥਰ ਦਾ ਜਾਂ ਸਿਲ ਦਾ ਦਿਲ।
‘ਹਮਦਰਦਾ' ਕਿਉਂ ਲਗਦਾ ਨਹੀਂ
ਮੇਰੇ ਦਿਲ ਦੇ ਦਿਲ ਦਾ ਦਿਲ ।