ਜੇ ਨਾ ਤੂੰ ਆਵੇਂ ਤੇ ਵਲ ਆਵਣ ਨਾ

ਜੇ ਨਾ ਤੂੰ ਆਵੇਂ ਤੇ ਵਲ ਆਵਣ ਨਾ ਹੰਝੂ ਪੀਣ ਦੇ ।

ਤੂੰ ਮਿਲੇਂ ਤੇ ਹੌਸਲੇ ਮਿਲਦੇ ਨੇ ਸਾਨੂੰ ਜੀਣ ਦੇ ।

ਲੋਕ ਅਸਮਾਨਾਂ ਤੋਂ ਟਾਕੀ ਲਾਹ ਕੇ ਲਾ ਆਏ ਨੇ ਫੇਰ,

ਸਾਨੂੰ ਵਲ ਆਏ ਨਾ ਹਾਲੀ ਪਾਟੇ ਗਲਮੇ ਸੀਣ ਦੇ ।

ਦੀਨ ਦੁਨੀਆਂ ਨਾਲ ਸੀ ਰਿਸ਼ਤਾ ਤਰਾਜ਼ੂ ਵਾਂਗਰਾਂ,

ਤੇਰੇ ਲੜ ਲੱਗੇ ਤੇ ਦੁਨੀਆਂ ਦੇ ਰਹੇ ਨਾ ਦੀਨ ਦੇ ।

ਸਾਡੀ ਪੈਲੀ ਵਿਚ ਜਦੋਂ ਉੱਗੀ ਤੇ ਉਹ ਹੈ ਸੀ ਫ਼ਜ਼ੂਲ,

ਤੂੰ ਜਦੋਂ ਬੀਜੀ ਤੇ ਗੁਣ ਲੱਭੇ ਨੇ ਸੋਇਆਬੀਨ ਦੇ ।

ਐ ਗ਼ਜ਼ਲ! ਭੁੱਲੀਂ ਨਾ'ਕੁਦਸੀ' ਜਿਹੇ ਨਿਮਾਣੇ ਯਾਰ ਨੂੰ,

ਲੈ ਰਿਹਾ ਏ ਬਦਲੇ ਗਿਣ-ਗਿਣ ਕੇ ਤੇਰੀ ਤੌਹੀਨ ਦੇ ।

📝 ਸੋਧ ਲਈ ਭੇਜੋ