ਜੇ ਨਾ ਵੇਲਾ ਸਰੋਂ ਜਮਾਉਂਦਾ, ਗੋਰੀਆਂ ਤਲੀਆਂ ਉੱਤੇ ।
ਰੰਗ-ਬਰੰਗੇ ਰੰਗ ਨਾ ਆਉਂਦੇ ਫੁੱਲਾਂ ਕਲੀਆਂ ਉੱਤੇ ।
ਦਿਲ ਦੇ ਅੱਲੇ ਜ਼ਖ਼ਮਾਂ ਤੇ ਅੰਗੂਰ ਅਜੇ ਨਹੀਂ ਆਇਆ,
ਮੈਂ ਯਾਦਾਂ ਦੀਆਂ ਕਿੰਨੀਆਂ ਠੰਢੀਆਂ, ਮਲ੍ਹਮਾਂ ਮਲੀਆਂ ਉੱਤੇ ।
ਸਾਰੀ ਉਮਰ ਉਦਾਸੀ ਕੱਤੀ, ਕੱਤ-ਕੱਤ ਵਿੰਨੀਆਂ ਪੋਰਾਂ,
ਚਾਵਾਂ ਦੀ ਕੋਈ ਤੰਦ ਚੜ੍ਹੀ ਨਾ, ਸੱਧਰ ਨਲੀਆਂ ਉੱਤੇ ।
ਚਾਰ-ਚੁਫ਼ੇਰੇ ਫੁੱਲ ਜਏ ਖਿੜ ਪਏ ਖ਼ੁਸ਼ਬੂਆ ਮੁਸ਼ਕਾਈਆਂ,
ਜਦ ਗੋਰੀ ਨੇ ਪੋਰਾਂ ਧਰੀਆਂ, ਸਾਵੀਆਂ ਫਲੀਆਂ ਉੱਤੇ ।
ਹੁਣ ਤੇ ਮੇਰੀ ਗ਼ੁਰਬਤ 'ਅਕਰਮ' ਚੱਸ ਦਿੰਦੀ ਏ ਮੈਨੂੰ,
ਸੁਣਿਐਂ ਇਹ ਵੇਲਾ ਵੀ ਆਇਐ, ਕੁਤਬਾਂ, ਵਲੀਆਂ ਉੱਤੇ ।