ਜੇ ਉਹ ਮਨੁੱਖ ਹੁੰਦੇ

ਤਾਂ ਫੁੱਲ ਗੁਲਾਮ ਨਾ ਹੁੰਦੇ

ਸੂਰਜ ਹਰ ਵਿਹੜੇ ਜਾਂਦਾ

ਹਰ ਝੌਂਪੜੀ ਦੀ ਕੁੱਖ ਲੋਅ ਲਿਖੀ ਜਾਂਦੀ

ਕੱਚੀ ਨੀਂਦੇ ਨਾ ਉੱਠਦੇ ਮੇਰੇ ਜਾਏ

ਰੱਜ 2 ਸੌਂਦੀਆਂ ਰਾਤਾਂ ਥੱਕੀਆਂ ਟੁੱਟੀਆਂ

ਹੱਸਦੀਆਂ ਖੇਡਦੀਆਂ ਦੁਪਹਿਰਾਂ ਸ਼ਾਮਾਂ

ਰੂਹਾਂ ਕੁਰਲਾਂਦੀਆਂ ਨਾ

ਭੁੱਖੀਆਂ ਚੀਕਾਂ ਦੀ ਅਵਾਜ਼ ਨਾ ਆਉਂਦੀ

ਕੰਧਾਂ ਚੀਰਦੀ ਬੂਹੇ ਭੰਨਦੀ

ਔਂਸੀਆਂ ਪਾਉਂਦੀਆਂ

ਰੀਝਾਂ ਨਾ ਡਿੱਗਦੀਆਂ ਹਫ਼ 2

ਹੱਕ ਮੰਗਦੀ ਅਵਾਜ਼ ਫਾਂਸੀ ਨਾ ਟੰਗੀ ਜਾਂਦੀ

ਅਦਾਲਤ ਜੇ ਹੁੰਦੀ

ਤਾਂ ਫੈਸਲੇ ਸੱਚ ਦੇ ਵੀ ਹੱਕ 'ਚ ਹੁੰਦੇ

ਤਾਰੀਕਾਂ ਜੇ ਪੈਂਦੀਆਂ

ਤਾਂ ਉਮਰਾਂ ਤੋਂ ਲੰਬੀਆਂ ਨਾ ਹੁੰਦੀਆਂ

ਚੰਦ ਹੁੰਦਾ ਤਾਂ

ਸਾਡੀ ਛੱਤ ਤੇ ਵੀ ਕਦੇ ਆਉਂਦਾ

ਖੜਕਾਉਂਦਾ ਕਦੇ ਸਾਡਾ ਵੀ ਬੂਹਾ

ਤਾਰੇ ਹੁੰਦੇ ਤਾਂ

ਸਾਡੇ ਹਿੱਸੇ ਦੇ ਵੀ ਹੋਣੇ ਸੀ

ਅਰਸ਼ ਹੁੰਦਾ ਤਾਂ

ਅਸੀਂ ਵੀ ਪੀਂਘ ਪਾ ਲੈਂਦੇ ਕਦੇ ਸੱਤਰੰਗੀ

ਕੁੱਲੀਆਂ 'ਚ ਕਿਉਂ ਨਹੀਂ ਦਿਸਦਾ ਹਨੇਰਾ

ਧਨਾਢਾਂ ਦੇ ਘਰੀਂ ਜਾਂਦੇ ਸੂਰਜ ਨੂੰ

ਨੰਗੇ ਤਨ ਠਰਦੇ ਕਿਉਂ ਨਹੀਂ ਨਜ਼ਰੀਂ ਪੈਂਦੇ

ਏਡੀ ਵੱਡੀ ਤਾਰਿਆਂ ਜੜੀ ਅੰਬਰੀ ਰਜਾਈ ਨੂੰ

ਕਿੱਥੇ ਹੈ ਤੁਹਾਡਾ

ਇਨਸਾਫ਼ ਪਸੰਦ ਦਰਬਾਰ ਤੇ ਰਾਜਾ

ਤੇ ਓਹਦਾ ਇਨਸਾਫ਼ ਵੰਡਦਾ ਸੀਨਾ

ਹੁਣ ਗਿਆ ਹੈ ਵੇਲਾ

ਜਦ ਅਜੇਹੇ ਤਖਤਾਂ ਦੇ ਪਾਵੇ ਹਿੱਲਣਗੇ

ਮੁੱਕਟ ਰੁਲਣਗੇ ਇਹਨਾਂ ਦੇ

ਜਿਸਮ ਨਹੀ ਵਿਕਣਗੇ ਹੁਣ ਬਜ਼ਾਰਾਂ ਵਿਚ

ਮੰਡੀਆਂ 'ਚ ਸੁਫਨੇ ਨਹੀਂ ਸੜਨਗੇ

ਹੁਣ ਭੁੱਖੇ ਪੇਟ ਵੀ ਲੜ੍ਹਨਗੇ

📝 ਸੋਧ ਲਈ ਭੇਜੋ