ਜੀਅ ਚਾਹੁੰਦਾ ਹੈ ਹੁਣ ਤਾਂ ਐਸਾ ਹੋ ਜਾਵੇ।
ਮੈਂ ਜਿੱਧਰ ਵੀ ਜਾਵਾਂ ਰਸਤਾ ਹੋ ਜਾਵੇ।
ਤੂੰ ਮੇਰਾ ਹਮਸਾਇਆ ਬਣ ਕੇ ਸਾਥ ਰਹੇਂ,
ਮੇਰਾ ਸੁਫ਼ਨਾ ਤੇਰਾ ਸੁਫ਼ਨਾ ਹੋ ਜਾਵੇ।
ਬਦਲ-ਬਦਲ ਕੇ ਚਿਹਰੇ ਰੋਜ਼ ਪਹਿਣਦਾ ਹਾਂ,
ਮੇਰਾ ਚਿਹਰਾ ਮੇਰਾ ਆਪਣਾ ਹੋ ਜਾਵੇ।
ਮੈਂ ਵੀ ਉਸ ਵਿਚ ਵੇਖਾਂ ਆਪਣਾ ਪਰਛਾਵਾਂ,
ਪੱਥਰ ਦਿਲ ਉਹ ਜੇਕਰ ਸ਼ੀਸ਼ਾ ਹੋ ਜਾਵੇ।
ਸਾਂਝ ਹੈ ਸਾਹਾਂ ਦੀ ਇਹ ਕੱਚੀ ਡੋਰ ਨਹੀਂ,
ਸਾਹਾਂ ਦਾ ਇਹ ਰਿਸ਼ਤਾ ਪੱਕਾ ਹੋ ਜਾਵੇ।
ਕਿੰਨੀ ਦੇਰ ਤੋਂ ਬਾਅਦ ਹੈ ਆਖ਼ਿਰ ਦਿਨ ਚੜ੍ਹਿਆ,
ਰੱਬਾ ! ਇਹ ਦਿਨ ਹੋਰ ਵੀ ਉਜਲਾ ਹੋ ਜਾਵੇ।