ਜੀ ਕਰਦਾ ਏ ਮੇਰਾ ਮੈਂ

ਜੀ ਕਰਦਾ ਏ ਮੇਰਾ ਮੈਂ ਵੀ ਉਹਦਾ ਮਣਕਾ ਭੰਨਾ ।

ਜੀਹਨੇ ਰਾਂਝੂ ਯਾਰ ਤੋਂ ਖੋਹ ਲਿਆ ਚੂਰੀ ਵਾਲਾ ਛੰਨਾ ।

ਦੁੱਖਾਂ ਬਾਝੋਂ ਇਸ ਦੁਨੀਆਂ ਵਿਚ ਆ ਕੇ ਕੁਝ ਨਹੀਂ ਖੱਟਿਆ ।

ਇੰਜ ਗੁਜ਼ਾਰੀ ਯਾਰ ਹਿਆਤੀ ਜਿਉਂ ਬੇਲਣ ਵਿਚ ਗੰਨਾ ।

ਮੈਨੂੰ ਫੇਰ ਵੀ ਡਰ ਆਉਂਦਾ ਏ ਪਟਵਾਰੀ ਦੇ ਕੋਲੋਂ,

ਨਾ ਸੀ ਮੇਰੀ ਪੈਲੀ ਕੋਈ ਤੇ ਨਾ ਹੈ ਸੀ ਬੰਨਾ ।

ਵਰ੍ਹਿਆਂ ਤੋਂ ਗੱਲ ਲੰਮੀ ਹੋਈ ਨੂੰ ਇਕ ਪਾਸੇ ਲਾ ਦੇ,

ਯਾ ਰੱਖ ਲੈ ਯਾ ਛੱਡਦੇ ਮੈਨੂੰ ਕਰਦੇ ਹੰਨਾ-ਬੰਨਾ ।

ਬੰਦੇ ਛੱਡ ਕੇ ਲਾ ਲਏ ਉਹਨੇ ਰਿੱਛਾਂ ਨਾਲ ਯਾਰਾਨੇ,

ਲਗਦੈ ਮੈਨੂੰ ਹੋ ਗਿਆ ਹੋਣੈ ਉਹ ਅੱਖੀਆਂ ਤੋਂ ਅੰਨ੍ਹਾ ।

ਤੇਰੀ ਫ਼ਿਤਰਤ ਕੰਮ ਚੰਗੇ ਤੇ ਵੀ ਤਨਕੀਦ ਹੈ ਕਰਨਾ,

ਲਗਦੈ ਮੈਨੂੰ ਬਾਜ਼ ਨਹੀਂ ਆਉਣਾ ਤੂੰ ਕੁੱਤੇ ਦਿਆ ਕੰਨਾ ।

ਲੋਕਾਂ ਚੰਨ ਅਫ਼ਲਾਕੀ ਤੱਕ ਕੇ ਆਪਣੀ ਈਦ ਮਨਾਈ,

ਮੈਂ ਵੀ ਈਦ ਮਨਾਵਾਂ ਆਪਣੀ ਚੜ੍ਹ ਕੋਠੇ ਤੇ ਚੰਨਾ ।

ਕਿਹੜੇ ਮਾਨ ਤਰਾਨ ਦੇ ਨਾਲ ਮੈਂ ਤੇਰੀ ਹਿੱਕ ਨਾਲ ਲੱਗਾਂ,

ਨਾ ਮੈਂ ਲਾਲ ਜਵਾਹਰ ਕੋਈ ਨਾ ਮੈਂ ਕੋਈ ਪੰਨਾ ।

ਉਹ ਆਪਣੀ ਮਰਜ਼ੀ ਦਾ ਮਾਲਕ ਮੇਰੀ ਗੱਲ ਨਹੀਂ ਮੰਨਦਾ ।

ਪੱਥਰ ਦੇ ਨਾਲ ਕਾਹਨੂੰ 'ਅਰਸ਼ਦ' ਆਪਣਾ ਮੱਥੜਾ ਭੰਨਾ ।

📝 ਸੋਧ ਲਈ ਭੇਜੋ