ਜੀ ਕਰਦੈ ਮੈਂ ਪੱਧਰੇ ਹੋਵਾਂ ਬਾਰਿਸ਼ ਵਿਚ
ਮਨ ਅਪਣੇ ਦੀ ਕਾਲਮ ਧੋਵਾਂ ਬਾਰਿਸ਼ ਵਿਚ
ਤੇਰੇ ਕੋਲ ਕਦੇ ਜੇ ਹੋਵਾਂ ਬਾਰਿਸ਼ ਵਿਚ
ਬੱਦਲ ਵਾਂਗੂੰ ਛਮ-ਛਮ ਰੋਵਾਂ ਬਾਰਿਸ਼ ਵਿਚ
ਅੰਦਰ ਬਾਹਰ ਹੰਝੂਆਂ ਦਾ ਮੀਂਹ ਪੈਂਦਾ ਹੈ
ਕਿੱਥੇ ਅਪਣਾ-ਆਪ ਲਕੋਵਾਂ ਬਾਰਿਸ਼ ਵਿਚ
ਕੱਚ ਕੋਠੇ ਵਾਗੂੰ ਕਿਉਂ ਦਿਲ ਢਾਵ੍ਹਾਂ ਮੈਂ
ਕਿਉਂ ਨਾ ਪਰਬਤ ਵਾਂਗ ਖਲੋਵਾਂ ਬਾਰਿਸ਼ ਵਿਚ
ਅੰਦਰ ਦੀ ਅੱਗ ਅੰਦਰ ਬਹਿਣ ਨਹੀਂ ਦਿੰਦੀ
ਦਿਲ ਸੜਦੈ ਜੇ ਬਾਹਰ ਹੋਵਾਂ ਬਾਰਿਸ਼ ਵਿਚ
ਮੋਰ - ਪਪੀਹੇ ਗੀਤ ਖ਼ੁਸ਼ੀ ਦੇ ਗਾਉਂਦੇ ਨੇ
ਮੈਂ ਕਿਉਂ ਗ਼ਮ ਦੀ ਚੱਕੀ ਝੋਵਾਂ ਬਾਰਿਸ਼ ਵਿਚ
ਜਾਮ ਖ਼ੁਸ਼ੀ ਦੇ ਭਰ ਕੇ ਘੱਲੇ ਕੁਦਰਤ ਨੇ
ਮੈਂ ਕਿਉਂ ਅੱਖਾਂ ਭਰ ਕੇ ਰੋਵਾਂ ਬਾਰਿਸ਼ ਵਿਚ
'ਗੜ੍ਹਦੀ ਵਾਲੇ' ਜਾਵਾਂਗੇ 'ਦੀਦਾਰ' ਲਈ
ਰਸਤੇ ਬੇਸ਼ਕ ਰੋਕੇ ਚੋਵਾਂ ਬਾਰਿਸ਼ ਵਿਚ
ਪੌਣ ਸੁਨੇਹਾ ਲੈ ਕੇ ਤੇਰਾ ਆਈ ਹੈ
ਮੈਂ ਕਿਉਂ ਦਿਲ ਦਾ ਬੂਹਾ ਢੋਵਾਂ ਬਾਰਿਸ਼ ਵਿਚ
ਵੇਖੋ 'ਉਲਫ਼ਤ' ਮਲਬੇ ਹੇਠ ਕਦੋਂ ਦਬਦੈ
ਉਠ ਉਠ ਲੈਣ ਗੁਆਂਢੀ ਸੋਵਾਂ ਬਾਰਿਸ਼ ਵਿਚ