ਜੀਹਨੇ ਤਪਦੀਆਂ ਧੁੱਪਾਂ ਦੇ ਵਿਚ, ਸਾਰੀ ਉਮਰ ਹੰਢਾਈ ।
ਉਹ ਮੋਇਆ 'ਤੇ ਉਹਦੀ ਲੋਕਾਂ, ਛਾਵੇਂ ਕਬਰ ਬਣਾਈ ।
ਦੂਰ ਗਿਆਂ ਦੇ ਚਿਹਰੇ ਰੱਖੇ, ਆਪਣੇ ਨਾਲ ਸਜਾਈ,
ਸੀਨੇ ਦੇ ਵਿਚ ਛੇਕ ਕਰੇ ਤੇ, ਲੰਘ ਜਾਵੇ ਪੁਰਵਾਈ ।
ਨਵੀਆਂ ਸੋਚਾਂ ਅੱਗੇ ਵਧ ਕੇ, ਦਿਲ ਨੂੰ ਚਿੰਬੜ ਗਈਆਂ,
ਸੂਰਜ ਨੇ ਜਦ ਬਾਰੀ ਵਿੱਚੋਂ, ਪਹਿਲੀ ਝਾਤੀ ਪਾਈ ।
ਮੈਂ ਜਾਗਾਂ ਤੇ ਮੇਰੇ ਸਾਰੇ, ਦਰਦੀ ਅੱਖਾਂ ਖੋਲ੍ਹਣ,
ਕਮਰੇ ਦੀ ਹਰ ਸ਼ੈ ਨੇ ਨੀਂਦਰ, ਮੇਰੇ ਨਾਲ ਮੁਕਾਈ ।
ਕਰ ਸਕਿਆ ਨਾ ਠੰਢਾ ਜੀਹਨੂੰ, ਸਾਰੇ ਸ਼ਹਿਰ ਦਾ ਪਾਣੀ,
ਉਹਨੇ ਆਪਣੇ ਆਪ ਨੂੰ ਦੇਖੋ, ਕੈਸੀ ਅੱਗ ਲਗਾਈ ।
ਨ੍ਹੇਰਾ ਭਾਵੇਂ ਕਿੱਡਾ ਈ ਮੂੰਹ, ਜ਼ੋਰ ਕਿਉਂ ਨਾ ਹੋਵੇ,
ਚਾਰ ਚੁਫ਼ੇਰੇ ਚਾਨਣ ਕਰਦੀ, ਅੰਦਰ ਦੀ ਰੁਸ਼ਨਾਈ ।
ਇਕਲਾਪੇ ਦੇ ਪਾਣੀ ਅੰਦਰ ਐਡੀ ਲੰਮੀ ਚੁੱਭੀ?
ਸਾਰਾ ਦਿਨ ਉਹ ਫਿਰਦਾ ਰਹਿੰਦੈ, ਕੱਲਾ ਨੀਵੀਂ ਪਾਈ ।
ਖ਼ਾਬਾਂ ਤੇ ਪਾਬੰਦੀ ਕੋਈ ਨਈਂ, ਜਿੰਨੇ ਚਾਹੇ ਦੇਖੋ,
ਪਰ ਤਾਬੀਰਾਂ ਬੰਦੇ ਦਾ ਲਹੂ, ਮੰਗਣ ਮੁੱਖ ਵਿਖਾਈ ।
ਹੋਰ ਤੇ ਸਾਰੇ ਮੌਸਮ ਤੇਰੇ, ਪਿੱਛੋਂ ਐਧਰ ਆਏ,
ਰੰਗਾਂ ਤੇ ਖ਼ੁਸ਼ਬੂਆਂ ਵਾਲੀ ਰੁੱਤ ਕਦੇ ਨਾ ਆਈ ।