ਜੀਮ-ਜੇ ਬਾਤ ਨਬਾਤ ਕਹੀ ਮਿੱਠੀ ਸ਼ੀਰੀਂ

ਜੀਮ-ਜੇ ਬਾਤ ਨਬਾਤ ਕਹੀ ਮਿੱਠੀ ਸ਼ੀਰੀਂ

ਕਿ ਹਾਸਾ ਸਕਰ ਭੀ ਤੂੰਹੀ ਤੂੰਹੀ ।

ਜੇ ਅਬਰੂ ਕਮਾਣ ਕਿ ਪਲਕਾਂ ਤੀਰ

ਕਿ ਤੇਗ ਨਜ਼ਰ ਭੀ ਤੂੰਹੀ ਤੂੰਹੀ ।

ਜੇ ਸਰਵ ਦੇ ਕੱਦ ਕਿ ਗੁਲ ਦਾ ਰੰਗ

ਕਿ ਬੂਏ ਇਤਰ ਭੀ ਤੂੰਹੀ ਤੂੰਹੀ ।

ਜੇ ਮਿੱਸੀ ਮਿਸਵਾਕ ਕਿ ਪਾਨ ਦਾ ਬੀੜਾ

ਕਿ ਮੁਸ਼ਕ ਅਗਰ ਭੀ ਤੂੰਹੀ ਤੂੰਹੀ ।

ਜੇ ਰੁਖ਼ ਬਾਗ ਕਿ ਬੂਏ ਗੁਲਾਂ ਦੀ

ਕਿ ਖਾਲ ਭੁੰਨੜਾ ਭੀ ਤੂੰਹੀ ਤੂੰਹੀ ।

ਜੇ ਲਬ ਕੰਦ ਕਿ ਸੋਨੇ ਦੀ ਨੱਥ

ਕਿ ਲਾਲ ਗੌਹਰ ਭੀ ਤੂੰਹੀ ਤੂੰਹੀ ।

ਜੇ ਚੀਰ ਸੁਨਹਰੀ ਕਿ ਦੱਖਣੀ ਜਾਮਾ

ਜ਼ੱਰੀਂ ਕਮਰ ਭੀ ਤੂੰਹੀ ਤੂੰਹੀ ।

ਜੇ ਲੁੱਟ ਲਇਆ ਦਿਲ ਹੈਦਰ ਦਾ

ਉਸ ਸ਼ੋਖ ਪਿਸਰ ਭੀ ਤੂੰਹੀ ਤੂੰਹੀ ।੧੪।

📝 ਸੋਧ ਲਈ ਭੇਜੋ