ਜੀਮ-ਜੇ ਵਿਚ ਘੁੰਘਟ ਮਾਰੇ ਪਿਆਰਾ

ਜੀਮ-ਜੇ ਵਿਚ ਘੁੰਘਟ ਮਾਰੇ ਪਿਆਰਾ

ਤਾਂ ਕਰਸੀ ਘੁੰਡ ਉਤਾਰਿਆਂ ਕਿਆ ।

ਤੇਗ਼ ਵਿੱਚ ਮਿਆਨ ਦੇ ਕਰਦੇ ਦੋ ਟਕ

ਤਾਂ ਕਰਸੀ ਘੋਲਿਆਂ ਵਾਰਿਆਂ ਕਿਆ ।

ਲੇਟੇ ਵਿਚ ਨਿਹਾਲੀਆਂ ਬਿਸਮਿਲ ਏਵੇਂ

ਤਾਂ ਕਰਸੀ ਬਾਹਝ ਉਲਾਰਿਆਂ ਕਿਆ ।

ਜੇ ਚੋਲੀ ਸਹਜ ਨ ਮਾਵੇ ਘਤ

ਤਾਂ ਕਰਸੀ ਘੋਲਿਆਂ ਵਾਰਿਆਂ ਕਿਆ ।

ਜੇ ਵਟੀਆਂ ਜ਼ੁਲਫਾਂ ਕੀਤਾ ਅਨ੍ਹੇਰ

ਤਾਂ ਵਾਉ ਨਾਲ ਖਿਲਾਰਿਆਂ ਕਿਆ ।

ਜੇ ਛਣ ਛਣ ਵੈਂਦਾ ਐਂਵੇ ਦਿਲ

ਤਾਂ ਨੇਵਰ ਨੂੰ ਛਣਕਾਰਿਆਂ ਕਿਆ ।

ਜੇ ਭੀ ਐਵੇਂ ਧਰ ਰਾਣੇ ਦੇ

ਤਾਂ ਨਾਲ ਨਿਸ਼ਾਨੀਆਂ ਨਕਾਰਿਆਂ ਕਿਆ ।

ਰਲ ਸੋਹਣਿਆਂ ਵਿਚ ਮਾਰੇ ਪਿਆਰਾ

ਤਾਂ ਕਰਸੀ ਆਪ ਨਿਆਰਿਆਂ ਕਿਆ ।

ਹੈਦਰ ਪੁੱਛ ਪਿਆਰੇ ਤਾਈਂ

ਦੇ ਦੇ ਮਾਰਨ ਲਾਰਿਆਂ ਕਿਆ ।੬।

📝 ਸੋਧ ਲਈ ਭੇਜੋ