ਜੀਣ ਲਈ ਜਾਬਰ ਵਸੀਲੇ ਹੋ ਗਏ

ਜੀਣ ਲਈ ਜਾਬਰ ਵਸੀਲੇ ਹੋ ਗਏ।

ਲੋਕ ਪੱਤਝੜ ਵਾਂਗ ਪੀਲੇ ਹੋ ਗਏ।

ਸਦਮਿਆਂ ਦਾ ਚੰਨ ਉੱਚਾ ਹੋ ਗਿਆ,

ਤਾਰਿਆਂ ਦੇ ਨਕਸ਼ ਨੀਲੇ ਹੋ ਗਏ।

ਮਜਲਸਾਂ ਸੀ ਹੇਠ ਜਿੰਨ੍ਹਾਂ ਲੱਗਦੀਆਂ,

ਸੁੱਕ ਕੇ ਉਹ ਬਿਰਖ਼ ਤੀਲੇ ਹੋ ਗਏ।

ਫੁੱਲ ਤੋਂ ਵੀ ਨਰਮ ਸੀ ਜੋ ਲੱਗਦੇ,

ਉਹ ਸੁਭਾਅ ਕਿੰਨੇ! ਹਠੀਲੇ ਹੋ ਗਏ।

ਔੜ ਤੇ ਚੁੱਲ੍ਹੇ ਦਾ ਰਿਸ਼ਤਾ ਵੇਖ ਲੈ,

ਸੱਖਣੇ ਘਰ ਘਰ ਪਤੀਲੇ ਹੋ ਗਏ।

ਆ! ਮਿਰੇ ਆਵਾਰਾ ਗ਼ਮ ਘਰ ਪਰਤੀਏ,

ਸੜਕ ਦੇ ਪੱਥਰ ਨੁਕੀਲੇ ਹੋ ਗਏ।

📝 ਸੋਧ ਲਈ ਭੇਜੋ