ਪਿੰਡ ਦੀਆਂ ਰੂੜ੍ਹੀਆਂ ਤੇ ਗੀਹਰਿਆਂ ਨਾਲ ਵੱਧਦਾ ਗਿਆ,
ਜੀਤੋ ਦਾ ਕੱਦ ਕਾਠ।
ਮੁੱਢ ਤੋਂ ਹੀ ਉਸਦਾ ਹਾਰ ਸ਼ਿੰਗਾਰ ਰਿਹਾ,
ਵੱਡੇ ਘਰਾਂ ਦੀਆਂ ਤੀਵੀਆਂ ਦੇ,
ਪੁਰਾਣੇ ਕੱਪੜੇ ਤੇ ਝੂਠੇ ਗਹਿਣੇ।
ਪੇਟ ਦਾ ਆਸਰਾ ਰਿਹਾ ,
ਉਹਨਾਂ ਦੀ ਛੱਡੀ ਛਡਾਈ ਜੂਠ।
ਉਸ ਲਈ ਤੀਆਂ ਦਾ ਅਰਥ ਹੁੰਦਾ ਸੀ,
ਪੱਠਿਆਂ ਨੂੰ ਜਾਦਿਆਂ,
ਲਾ ਲਿਆ ਗਿੱਧੇ ਵਿੱਚ ਇੱਕ ਗੇੜਾ।
ਜਵਾਨੀ ਦੀਆਂ ਰਹਿੰਦੀਆਂ ਖਵਾਇਸ਼ਾ ਤਾਂ,
ਬਣ ਗਈਆਂ ਸੀ ਓਸ ਵੇਲੇ ਖੰਘਰ,
ਜਿਸ ਵੇਲੇ,
ਸਿੱਟੇ ਲੈਣ ਗਈ ਪਵਾ ਆਈ ਸੀ,
ਆਪਣੀ 'ਚਾਦਰ' ਤੇ 'ਛਿੱਟੇ'।
ਤੇ ਅੱਜ ਵੀ ............….......
ਉਹ ਕਿਹੜਾ ਲੰਬੜਾਂ ਦੀ ਪ੍ਰੀਤੋ ਹੈ,
ਕਿ ਬਦਲ ਜਾਣਗੇ ਰਸਤੇ,
ਸਭ ਜਵਾਨਾਂ ਦੇ,
ਲੰਬੜਾਂ ਦੇ 'ਵੱਗ' ਬਾਰੇ ਸੋਚ ਕੇ।