ਜੀਵਨ ਇਕ ਕਿਤਾਬ ਜਿਵੇਂ

ਜੀਵਨ ਇਕ ਕਿਤਾਬ ਜਿਵੇਂ,

ਦੁਖ ਸੁਖ ਦੇ ਦੋ ਬਾਬ ਜਿਵੇਂ ।

ਜਾਗਣ ਵੇਲ਼ੇ ਖ਼ਾਹਸ਼ਾਂ ਇੰਜ,

ਨੀਦਰ ਅੰਦਰ ਖ਼ਾਬ ਜਿਵੇਂ ।

ਹਸਦੈ ਪਿਆ ਸਵਾਲਾਂ ਤੇ,

ਦੇਂਦੈ ਪਿਆ ਜਵਾਬ ਜਿਵੇਂ ।

ਨਿਤ ਦਿਨ ਖੁੱਭੀ ਜਾਨੇਂ ਹਾਂ,

ਇਹ ਦੁਨੀਆਂ ਏਂ ਗਾਬ ਜਿਵੇਂ ।

ਰਹਿਤਲ਼ ਅਪਣੀ ਦੁਨੀਆਂ ਵਿਚ,

ਕੰਡਿਆਂ ਵਿਚ ਗੁਲਾਬ ਜਿਵੇਂ ।

ਇੰਜੇ ਬੇ-ਇਤਬਾਰੈ ਓਹ,

ਅਮਰੀਕਾ ਦੀ ਜਾਬ ਜਿਵੇਂ ।

ਆ ਏਵੇਂ ਘੁਲ਼ ਮਿਲ਼ ਜਾਈਏ,

ਰਾਵੀ ਵਿਚ 'ਚਨਾਬ' ਜਿਵੇਂ ।

ਹੋਰਾਂ ਖਿੱਚ ਅਮਰੀਕਾ ਇੰਜ,

ਸਾਨੂੰ ਸਿੱਕ 'ਪੰਜਾਬ' ਜਿਵੇਂ ।

'ਅਸ਼ਰਫ਼' ਅਸਲੀ ਜੀਵਨ ਏਹ,

ਦੇਣਾਂ ਰੋਜ਼ ਹਿਸਾਬ ਜਿਵੇਂ ।

📝 ਸੋਧ ਲਈ ਭੇਜੋ